ਹੁਣ ਨਗ਼ਮਾ ਸਾਰੰਗੀਆਂ ਦਾ ਚੋਰ ਹੋ ਗਿਆ

ਸਰਤਾਜ 'ਤੇ ਕਿਸੇ ਦੀ ਗ਼ਜ਼ਲ ਚੋਰੀ ਕਰ ਕੇ ਗਾਉਣ ਦਾ ਦੋਸ਼
ਤਰਲੋਕ ਸਿੰਘ ਜੱਜ ਨਾਂ ਦਾ ਇਕ ਬੰਦਾ, ਜਿਹੜਾ ਆਪਣਾ ਤਖ਼ੱਲਸ ਅੰਗਰੇਜ਼ੀ ਦੇ ਸ਼ਬਦ 'ਜੱਜ' ਵਾਂਗ ਲ਼ਿਖਦਾ ਹੈ ਇਹ ਦਾਅਵਾ ਕਰ ਰਿਹਾ ਹੈ ਕਿ ਸੂਫੀ ਗਾਇਕ ਵਜੋਂ ਮਸ਼ਹੂਰ ਹੋ ਰਹੇ ਗਾਇਕ ਡਾਕਟਰ ਸਤਿੰਦਰ ਸਰਤਾਜ ਨੇ ਉਨ੍ਹਾਂ ਦੀ 1994 ਵਿਚ ਛਪੀ ਹੋਈ ਗ਼ਜ਼ਲਾਂ ਦੀ ਕਿਤਾਬ 'ਅਹਿਸਾਸ ਦੇ ਜ਼ਖ਼ਮ' ਵਿਚੋਂ ਇਕ ਗ਼ਜ਼ਲ ਚੋਰੀ ਕਰ ਕੇ, ਉਸ ਨੂੰ ਆਪਣਾ ਕਲਾਮ ਦੱਸ ਕੇ ਗਾਇਆ ਹੈ। ਸ਼੍ਰੀ ਜੱਜ ਨੇ ਇਹ ਗ਼ਜ਼ਲ ਫੇਸਬੁੱਕ ਉੱਤੇ ਨਸ਼ਰ ਵੀ ਕਰ ਦਿੱਤੀ ਹੈ। ਜਦੋਂ ਕੁੱਝ ਲੋਕਾਂ ਨੇ ਉਨ੍ਹਾਂ ਦੀ ਗ਼ਜ਼ਲ:'
ਅਸਾਂ ਅੱਗ ਦੇ ਵਸਤਰ ਪਾਉਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਉਣੇ ਨੇ, ਨਜ਼ਦੀਕ ਨਾ ਹੋ।
ਸਰਤਾਜ ਦੇ ਮੂਹੋਂ ਸੁਣੀ ਹੋਣ ਦੀ ਸ਼ਾਹਦੀ ਭਰੀ ਤਾਂ ਇਸ ਸ਼ਾਇਰ ਨੇ ਨਾਲੇ ਤਾਂ ਇਹ ਗ਼ਜ਼ਲ ਦਾ ਸ਼ਾਇਰ ਹੋਣ 'ਤੇ ਦਾਦ ਕਬੂਲੀ ਤੇ ਨਾਲੇ ਲੋਕਾਂ ਅੱਗੇ ਉਨਾਂ ਨੂੰ 'ਇਨਸਾਫ਼' ਦੁਆਉਣ ਲਈ ਤਰਲੇ ਵੀ ਪਾਏ। ਜਦੋਂ ਜੱਸੀ ਸੰਘਾ ਨਾਂ ਦੀ ਇਕ ਬੀਬੀ ਨੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਕੀ ਇਹ ਗ਼ਜ਼ਲ ਡਾ. ਸਤਿੰਦਰ ਸਰਤਾਜ ਦੀ ਨਹੀਂ ਹੈ, ਸ਼੍ਰੀ ਜੱਜ ਨੇ ਕਿਹਾ, "ਮੈਨੂੰ ਵੀ ਪਤਾ ਲੱਗਿਆ ਹੈ ਕਿ ਡਾ. ਸਰਤਾਜ ਨੇ ਮੇਰੀ ਇਸ ਗ਼ਜ਼ਲ ਦੇ ਕੁੱਝ ਸ਼ਿਅਰ ਵਰਤ ਲਏ ਹਨ ਤਾਂ ਮੈਂ ਇਸੇ ਕਾਰਨ ਹੀ ਇਹ ਗ਼ਜ਼ਲ ਇੱਥੇ ਪੋਸਟ ਕੀਤੀ ਹੈ। ਇਹ ਗ਼ਜ਼ਲ ਮੇਰੀ, 1994 ਵਿਚ ਛਪੀ ਕਿਤਾਬ 'ਅਹਿਸਾਸ ਦੇ ਜ਼ਖ਼ਮ' ਵਿਚ ਛਪੀ ਹੋਈ ਹੈ। 

ਹਰਜਿੰਦਰ ਸਿੰਘ ਲਾਲ ਨਾਂ ਦੇ ਇਕ ਬੰਦੇ ਨੇ ਜਦੋਂ ਇੰਨੀ ਵਧੀਆ ਗ਼ਜ਼ਲ ਲਿਖਣ ਲਈ 'ਜੱਜ' ਨੂੰ ਸ਼ਾਬਾਸ਼ ਦਿੱਤੀ ਤਾਂ ਉਨ੍ਹਾਂ ਨੇ ਸ਼੍ਰੀ ਲਾਲ ਨੂੰ ਕਿਹਾ,"ਲਾਲ ਸਾਹਿਬ, ਕਿਰਪਾ ਕਰ ਕੇ ਪਤਾ ਕਰੋ...ਮੇਰੀ ਗ਼ਜ਼ਲ, ਬਿਨਾਂ ਮੇਰਾ ਨਾਮ ਲਏ ਆਪਣੇ ਨਾਮ 'ਤੇ ਗਾਈ ਗਈ ਹੈ, ਡਾ. ਸਰਤਾਜ ਬਹੁਤ ਮਾਨਯੋਗ ਹਸਤਾਖ਼ਰ ਨੇ ਪੰਜਾਬੀ ਗਾਇਕੀ ਵਿਚ, ਪਰ....।"
ਇਸ ਦੇ ਜੁਆਬ ਵਿਚ ਸ਼੍ਰੀ ਲਾਲ ਨੇ ਕਿਹਾ, "ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸ ਨੂੰ ਸਿੱਧਾ ਹੀ ਪੁੱਛ ਸਕਦਾ ਹਾਂ।"
ਦੂੁਜੇ ਪਾਸੇ ਇਸ ਸ਼ਾਇਰ ਨੇ ਇਹ ਵੀ ਕਿਹਾ ਹੈ, "ਮੈਨੂੰ ਕੁੱਝ ਦੋਸਤਾਂ ਨੇ ਦੱਸਿਆ ਹੈ ਕਿ ਇਹ ਗ਼ਜ਼ਲ ਇਕ ਮੌਜੂਦਾ ਗਾਇਕ ਨੇ ਗਾਈ ਹੈ ਤੇ ਉਨ੍ਹਾਂ ਨੇ ਬਿਨਾਂ ਮੇਰਾ ਨਾਮ ਬਤੌਰ ਸ਼ਾਇਰ ਦੱਸੇ ਗਾਈ ਹੈ। ਲਫ਼ਜ਼ਾਂ ਨੂੰ ਆਵਾਜ਼ ਮਿਲੇ ਖ਼ੁਸ਼ਕਿਸਮਤੀ ਹੈ, ਪਰ ਸ਼ਾਇਰ ਗੁਮਨਾਮ ਰਹੇ ਕੀ ਇਹ ਬੇਇਨਸਾਫੀ ਨਹੀਂ? ਇਸ ਸਬੰਧ ਵਿਚ ਪੱਤਰਕਾਰ ਰੈਕਟਰ ਕਥੂਰੀਆ ਨੇ ਕਿਹਾ, "ਇਹ ਸਰਾਸਰ ਬੇਇਨਸਾਫੀ ਹੈ ਤੇ ਸ਼ੋਸ਼ਣ ਵੀ।"
ਇਸ ਸਬੰਧ ਵਿਚ ਡਾਕਟਰ ਸਰਤਾਜ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਕਈ ਵਾਰੀ ਫੋਨ ਕੀਤੇ ਗਏ, ਪਰ ਅੱਗਿਉਂ ਕਿਸੇ ਨੇ ਫੋਨ ਨਹੀਂ ਚੁਕਿਆ।
*

ਪਹਾੜੀਂ ਚੜ੍ਹਿਆ ਗਿੱਦੜਾਂ ਦਾ ਗੂੰਹ

ਭਾਵੇਂ ਇਹ ਲੇਖ, 1979 ਦਾ ਲਿਖਿਆ ਹੋਇਆ ਹੈ, ਪਰ ਇਸ ਵਿਚੋਂ ਪੁਰਾਣੀ ਤਕਨਾਲੋਜੀ ਤੇ ਪੁਰਾਣੇ ਸਾਧਨ ਮਨਫ਼ੀ ਕਰ ਦਿੱਤੇ ਜਾਣ ਤਾਂ ਵੀ ਇਸ ਵਿਚ ਪੱਤਰ-ਪ੍ਰੇਰਕਾਂ ਬਾਰੇ ਬਹੁਤ ਸਾਰੀਆਂ ਠੋਸ ਹਕੀਕਤਾਂ ਉਹੀ ਹਨ, ਜੋ ਹੁਣ ਪਹਿਲਾਂ ਨਾਲੋਂ ਵੀ ਪ੍ਰਚੰਡ ਤੇ ਵਿਰਾਟ ਰੂਪ ਵਿਚ ਦਰਸ਼ਨ ਦੇ ਰਹੀਆਂ ਹਨ।

ਪਿੰਡਾਂ ਵਿਚ ਪਟਵਾਰੀ ਤੇ ਥਾਣੇਦਾਰ, ਸ਼ਹਿਰਾਂ ਤੇ ਨਿੱਕੇ ਕਸਬਿਆਂ ਵਿਚ ਛੋਟੇ ਦੁਕਾਨਦਾਰਾਂ ਲਈ ਸੈਂਪਲ ਭਰਨ ਵਾਲ਼ੇ ਅਤੇ ਵੱਡੇ ਦੁਕਾਨਦਾਰਾਂ ਲਈ ਟੈਕਸ ਅਫਸਰ ਅਤੇ ਮੁਲਾਜ਼ਮਾਂ ਲਈ ਅਫਸਰ ਵੱਲੋਂ ਮਾੜੀ ਰਿਪੋਰਟ ਲਿਖ ਿਜਾਣੀ ਅਜਿਹੇ ਹਊਏ ਹਨ, ਜੋ ਕਿਸੇ ਨਾ ਕਿਸੇ ਸ਼ਕਲ ਵਿਚ ਸੰਸਾ ਲਾਈ ਹੀ ਰੱਖਦੇ ਹਨ। ਪਰ ਅੱਜ ਦੇ ਯੁੱਗ ਵਿਚ ਇਕ ਅਜਿਹਾ ਹਊਆ ਵੀ ਹੈ, ਜਿਸ ਅੱਗੇ ਇਹ ਸਾਰੇ ਹਊਏ ਊਣੇ ਹਨ, ਹੀਣੇ ਹਨ। ਇਹ ਹਊਆ ਸਾਰੇ ਤਬਕਿਆਂ ਲਈ ਇਕੋ ਜਿੰਨੇ ਸੰਸੇ ਦਾ ਵਿਸ਼ਾ ਹੈ। ਇਹ ਹਊਆ ਹਨ, ਅਖ਼ਬਾਰਾਂ ਦੇ ਪੱਤਰ-ਪ੍ਰੇਰਕ ਜਾਂ ਜਿਨ੍ਹਾਂ ਨੂੰ ਅਖ਼ਬਾਰੀ ਬੋਲੀ ਵਿਚ ‘ਫੀਲਡ ਜਰਨਲਿਸਟਸ’ ਕਿਹਾ ਜਾਂਦਾ ਹੈ। ਇਹ (ਹਊਆ) ਇਕ ਅਜਿਹੇ ਨਾਮੁਰਾਦ ਅਤੇ ਮਨਹੂਸ ਤਬਕੇ ਦਾ ਰੂਪ ਧਾਰਨ ਕਰ ਗਿਆ ਹੈ ਕਿ ਇਸ ਦੇ ਕੋਲੋਂ ਲੰਘਦੇ ਤਕਰੀਬਨ ਹਰ ਬੰਦੇ ਨੂੰ ਜਾਂ ਤਾਂ ਇਸ ਨੂੰ ਸਲਾਮ ਕਰ ਕੇ ਲੰਘਣਾ ਪੈਂਦਾ ਹੈ ਜਾਂ ਪਾਸਾ ਵੱਟ ਕੇ। ਪਰ ਇਸ ਦੇ ਇਹ ਅਰਥ ਬਿਲਕੁਲ ਨਹੀਂ ਕਿ ਪੱਤਰਕਾਰ ਭਾਈਚਾਰੇ ਦੇ ਸਨਮਾਨ ਸਦਕਾ ਇਨ੍ਹਾਂ ਨੂੰ ਸਲਾਮਾਂ ਵੱਜਦੀਆਂ ਹਨ। ਇਹ ਤਾਂ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਇਕ ਪੇਂਡੂ ਬੰਦੇ ਨੂੰ, ਕਿਸੇ ਥਾਣੇਦਾਰ ਨੂੰ ਸਲਾਮ ਕਰਨਾ ਪੈਂਦਾ ਹੈ ਅਤੇ ਪਟਵਾਰੀ ਦੇ ਘਰ ਹਾੜ੍ਹ, ਸਿਆਲ਼ ਦਾਣੇ ਜਾਂ ਪੱਠੇ ਸੁੱਟ ਕੇ ਆਉਣੇ ਪੈਂਦੇ ਹਨ।
ਗੱਲ ਅੱਗੇ ਤੋਰਨ ਤੋਂ ਪਹਿਲਾਂ, ਆਪਾਂ ਇਨ੍ਹਾਂ ਦੇ ਆਮ ਸੁਭਾਅ ਤੇ ਲਿਆਕਤ ਦੀ ਗੱਲ ਕਰ ਲਈਏ ਤਾਂ ਵਾਟ ਨਿਬੇੜਨੀ ਸੌਖੀ ਹੋ ਜਾਵੇਗੀ। ਪੱਤਰਕਾਰ ਕੌਣ ਬਣ ਸਕਦਾ ਹੈ? ਉਸ ਦੀ ਲਿਆਕਤ ਕੀ ਹੋਣੀ ਚਾਹੀਦੀ ਹੈ? ਇਸ ਸਬੰਧ ਵਿਚ ਇਕ ਆਮ ਜਿਹਾ ਨਿਯਮ ਹੈ ਕਿ ਪੱਤਰਕਾਰ ਬਣਨ ਲਈ ਕਿਸੇ ਆਦਮੀ ਨੂੰ ਹੋਰ ਚਾਹੇ ਕੁੱਝ ਨਾ ਆਉਂਦਾ ਹੋਵੇ, ਬੱਸ ਉਸ ਨੂੰ ਪੜ੍ਹਨਾ ਤੇ ਲਿਖਣਾ ਲਾਜ਼ਮੀ ਆਉਣਾ ਚਾਹੀਦਾ ਹੈ। ਇਸੇ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ‘ਫੀਲਡ ਜਰਨਲਿਕਸਟਾਂ’ ਦੀ ਔਸਤਨ ਲਿਆਕਤ ਕੀ ਹੋ ਸਕਦੀ ਹੈ।
ਆਓ, ਹੁਣ ਬਹੁਗਿਣਤੀ ਫੀਲਡ ਜਰਨਲਿਸਟਾਂ ਦੀਆਂ ਹਰਕਤਾਂ (ਕਰਤੂਤਾਂ), ਨਿੱਤਨੇਮਾਂ, ਉੱਠਣੀ-ਬੈਠਣੀ, ਆਮਦਨ ਦੇ ਸੋਮਿਆਂ ਆਦਿ ਬਾਰੇ ਜ਼ਿਕਰ ਕਰਦਿਆਂ ਗੱਲ ਅੱਗੇ ਤੋਰੀਏ ਤੇ ਜਾਣੂ ਹੋਈਏ ਕਿ ਜਮਹੂਰੀਅਤ ਦਾ ਚੌਥਾ ਥੰਮ ਕਹੇ ਜਾਣ ਵਾਲ਼ੇ ਅੰਗ ਦੇ ਇਹ ਪਾਲਣਹਾਰ ਕਿਸ ਹੱਦ ਤਕ ਨੀਚਤਾਈ ਅਤੇ ਢੀਠਤਾਈ ਦੇ ਮਾਲਕ ਹੋ ਸਕਦੇ ਹਨ।
ਇਨ੍ਹਾਂ ਸੱਜਣਾਂ ਦਾ ਪਹਿਲਾ ਨਿਯਮ ਹੈ ਟਿਕ ਕੇ ਨਾ ਬੈਠਣਾ। ਇਸ ਲਈ ਨਹੀਂ ਕਿ ਇਨ੍ਹਾਂ ਨੂੰ ਕਿਸੇ ਖ਼ਬਰ ਆਦਿ ਦੇ ਅਣਛਪੀ ਰਹਿ ਜਾਣ ਦਾ ਫ਼ਿਕਰ ਹੁੰਦਾ ਹੈ, ਸਗੋਂ ਇਸ ਲਈ ਕਿ ਇਨ੍ਹਾਂ ਨੂੰ ਦਿਨ ਚੜ੍ਹਨ ਦੇ ਨਾਲ ਹੀ ਮੁਰਗ਼ੀ ਫਸਾਉਣ ਦਾ ਫ਼ਿਕਰ ਲੱਗ ਜਾਂਦਾ ਹੈ। ਉਸ ਤੋਂ ਬਾਅਦ ਸਾਰਾ ਦਿਨ, ਮੁਰਗ਼ੇ ਝਟਕਾਉਣ ਜਾਂ ਮੁਰਗ਼ੇ ਹੰਢਾਉਣ ਵਿਚ ਲੰਘਦਾ ਹੈ।
ਮੁਰਗ਼ੇ ਕਿਵੇਂ ਫਸਾਈਦੇ ਹਨ? ਇਨ੍ਹਾਂ ਵਿਚੋਂ ਸਭ ਤੋਂ ਵੱਧ ਗਿਣਤੀ ਵਿਚ ਵਰਤਿਆ ਜਾਣ ਵਾਲ਼ਾ ਤਰੀਕਾ, ਖ਼ਬਰ ਛਪਾਉਣ ਦੇ ਨਜਾਇਜ਼ ਖ਼ਰਚੇ ਵਸੂਲਣਾ ਹੈ। ਬਹੁਤਿਆਂ ਪੱਤਰਕਾਰਾਂ ਕੋਲ ਖ਼ਬਰ ਭੇਜਣ ਲਈ ਅਖ਼ਬਾਰ ਨੂੰ ‘ਬੀ. ਜੀ. ਕਿਊ. ਕਲਾਸ’ ਦੀ ਤਾਰ ਦੇਣ ਦਾ ਅਧਿਕਾਰ ਹੁੰਦਾ ਹੈ, ਜਿਸ ਦਾ ਖ਼ਰਚਾ ਦੋ ਪੈਸੇ ਫੀ ਲਫ਼ਜ਼ ਦੇ ਹਿਸਾਬ ਨਾਲ ਅਖ਼ਬਾਰ ਦੇ ਖਾਤੇ ਪੈਂਦਾ ਹੈ ਤੇ ਜਾਂ ਫੇਰ ‘ਕਿਉੂ ਕਲਾਸ’ ਦੀ ਤਾਰ ਦਿੰਦੇ ਹਨ (ਯਾਦ ਰਹੇ ਇਹ ਗੱਲ 1979 ਦੀ ਹੈ), ਜਿਸ ਲਈ ਵੀ ਇਕ ਲਫ਼ਜ਼ ਦਾ ਖ਼ਰਚਾ ਦੋ ਪੈਸੇ ਹੀ ਪੈਂਦਾ ਹੈ। ਇਹ ਖ਼ਰਚਾ ਵਕਤੀ ਤੌਰ ’ਤੇ ਇਨ੍ਹਾਂ ਨੂੰ ਭਰਨਾ ਪੈਂਦਾ ਹੈ, ਪਰ ਬਾਅਦ ਵਿਚ ਇਹ, ਅਖ਼ਬਾਰਾਂ ਵਾਲ਼ਿਆਂ ਤੋਂ ਵਸੂਲ ਕਰ ਲੈਂਦੇ ਹਨ। ਜਿਸ ਦੀ ਖ਼ਬਰ ਉਹ ਭੇਜ ਰਹੇ ਹੁੰਦੇ ਹਨ, ਉਸ ਤੋਂ ਉਹ ਆਮ ਤਾਰ ਖ਼ਰਚਾ (25 ਪੈਸੇ ਫੀ ਲਫ਼ਜ਼) ਵਸੂਲ ਕਰ ਲੈਂਦੇ ਹਨ ਤੇ ਕਈ ਵਾਰ ਤਾਂ ਤਾਰ ਵੀ ਨਹੀਂ ਭੇਜਦੇ, ਸਗੋਂ ਡਾਕ ਰਾਹੀਂ 25-30 ਪੈਸਿਆਂ ਦਾ ਲਿਫ਼ਾਫ਼ਾ ਭੇਜ ਕੇ ਹੀ ਬਾਕੀ ਪੈਸੇ ਹਜ਼ਮ ਕਰ ਲੈਂਦੇ ਹਨ।
ਖ਼ਬਰ ਭੇਜਣ ਦੇ ਉਹਲੇ ਵਿਚ ਪੈਸੇ ਹਜ਼ਮ ਕਰਨ ਦਾ ਇਕ ਮਾਮੂਲੀ ਵੱਡਾ ਹੋਰ ਤਰੀਕਾ ਟੈਲੀਫੋਨ ਰਾਹੀਂ ਖ਼ਬਰਾਂ ਲਗਾਉਣ ਦਾ ਹੈ। ਪੱਤਰਕਾਰਾਂ ਦੇ, ਅਕਸਰ ਹੀ ਪਬਲਿਕ ਰਿਲੇਸ਼ਨ ਅਫਸਰਾਂ ਨਾਲ ਜਾਂ ਛੋਟੇ ਸ਼ਹਿਰਾਂ ਦੇ ਥਾਣਿਆਂ ਨਾਲ ਚੰਗੇ ਸਬੰਧ ਹੁੰਦੇ ਹਨ ਕਿਉਂ ਕਿ ਇਨ੍ਹਾਂ ਮਹਿਕਮਿਆਂ ਨੂੰ ਪੱਤਰਕਾਰਾਂ ਰਾਹੀਂ ਆਪਣੇ ਹੱਕ ਦੀਆਂ ਜਾਂ ਹੋਰ ਖ਼ਬਰਾਂ ਛਪਾ ਕੇ ਸਰਕਾਰੇ-ਦਰਬਾਰੇ ਵਾਹ-ਵਾਹ ਖੱਟਣ ਦੀ ਗਰਜ਼ ਹੁੰਦੀ ਹੈ।ਇਸ ਤਰ੍ਹਾਂ ਖ਼ਬਰ ਤਾਂ ਪਬਲਿਕ ਰਿਲੇਸ਼ਨ ਅਫਸਰ ਦੇ ਦਫ਼ਤਰੋਂ ਜਾਂ ਥਾਣਿਓਂ ਫੋਨ ਕਰ ਕੇ ਲਿਖਾ ਦਿੱਤੀ ਜਾਂਦੀ ਹੈ ਤੇ ਫੋਨ ਕਰਨ ਦਾ ਖ਼ਰਚਾ, ਖ਼ਬਰ ਛਪਾਉਣ ਦੇ ਚਾਹਵਾਨ ਤੋਂ ਲੈ ਲਿਆ ਜਾਂਦਾ ਹੈ।
ਖ਼ਬਰ ਭੇਜਣ ਵਿਚ ਹੀ ਖੀਸੇ ਕੁਤਰਨ ਦਾ ਇਕ ਹੋਰ ਤਰੀਕਾ ਇਹ ਹੈ ਕਿ ਆਮ ਆਦਮੀ ਤੋਂ ਖ਼ਬਰ ਛਪਾਉਣ ਦਾ ਖ਼ਰਚਾ, ਇਸ਼ਤਿਹਾਰ ਛਪਾਉਣ ਦੇ ਖ਼ਰਚੇ ਦੇ ਬਰਾਬਰ ਲੈ ਲਿਆ ਜਾਂਦਾ ਹੈ ਤੇ ਖ਼ਬਰ ਛਪਾਉਣ ਦੇ ਚਾਹਵਾਨ ਨੂੰ ਕਿਹਾ ਜਾਂਦਾ ਹੈ ਕਿ ਖ਼ਬਰ ਛਾਪਣ ਦਾ ਖ਼ਰਚਾ ਇੰਨੇ ਰੁਪਏ ਪ੍ਰਤੀ ਸੈਂਟੀਮੀਟਰ ਕਾਲਮ ਦੇ ਹਿਸਾਬ ਨਾਲ ਲੱਗੇਗਾ। ਜਿਹੜਾ ਬੇਚਾਰਾ ਫਸਿਆ ਹੁੰਦਾ ਹੈ ਤੇ ਜਿਸ ਨੂੰ ਖ਼ਬਰ ਛਪਾਉਣ ਦੀ ਲੋੜ ਹੁੰਦੀ ਹੈ, ਅਖ਼ਬਾਰੀ ਗਿਆਨ ਤੋਂ ਸੱਖਣਾ ਹੋਣ ਕਾਰਨ, ਖ਼ਬਰ ਛਪਾਉਣ ਦੇ ਪੈਸੇ ਪ੍ਰਤੀ ਸੈਂਟੀਮੀਟਰ ਦੇ ਹਿਸਾਬ ਦਿੰਦਾ ਹੈ ਜਦੋਂ ਕਿ ਉਹੀ ਖ਼ਬਰ ਛਪਣ ਬਦਲੇ ਪੱਤਰਕਾਰ ਨੂੰ ਅਖ਼ਬਾਰ ਦੇ ਦਫਤਰੋਂ ਛਪੇ ਹੋਏ ਮੈਟਰ ਦੇ ਪੈਸੇ ਪ੍ਰਤੀ ਸੈਂਟੀਮੀਟਰ ਕਾਲਮ ਦੇ ਹਿਸਾਬ ਨਾਲ ਮਿਲਦੇ ਹਨ।
ਹੋਰ ਆਮ ਲੋਕਾਂ ਨੂੰ ‘ਬਲੈਕਮੇਲ’ ਕਰਨ ਦਾ ਇਨ੍ਹਾਂ ਸੱਜਣਾਂ ਦਾ ਇਹ ਤਰੀਕਾ ਹੈ ਕਿ ਜਿੱਥੇ ਕਿਸੇ ਦੀ ਕਮਜ਼ੋਰੀ ਫੜੀ, ਉੱਥੇ ਜਾ ਕੇ ਧਮਕੀ ਦੇ ਦੇਣੀ ਕਿ ਜਾਂ ਤਾਂ ਇੰਨੇ ਰੁਪਏ ਧਰ ਦੇ ਨਹੀਂ ਤਾਂ ਖ਼ਬਰ ਲਗਵਾ ਦੂੰਗਾ ਕਿ... ਆਦਿ। ਇਸ ਤਰ੍ਹਾਂ ਇਹ, ਢੁੱਕਵੀਂ ‘ਮੁਰਗ਼ੀ’ ਨੂੰ ਉਸ ਦੇ ਘਰੇ ਵੀ ਜਾ ਮਿਲਦੇ ਹਨ।
ਸਰਕਾਰੀ ਅਫਸਰਾਂ ਨੂੰ ਡਰਾਉਣ-ਧਮਕਾਉਣ ਦਾ, ਇਨ੍ਹਾਂ ਦਾ ਤਰੀਕਾ ਇਹ ਹੈ ਕਿ ਕਿਸੇ ਦਿਨ ਕੋਈ ਨਿੱਕੀ ਜਿਹੀ ਖ਼ਬਰ ਅਖ਼ਬਾਰ ਵਿਚ ਲਗਵਾ ਦੇਣਗੇ ਕਿ ਫਲਾਣੇ ਸ਼ਹਿਰ ਦੇ ਫਲਾਣੇ ਮਹਿਕਮੇ ਦਾ ਉੱਚ ਅਧਿਕਾਰੀ ਰੰਡੀਬਾਜ਼ੀ, ਰਿਸ਼ਵਤਖ਼ੋਰੀ ਜਾਂ ਕੋਈ ਹੋਰ ਗ਼ਲਤ ਜਾਂ ਗ਼ੈਰਕਾਨੂੰਨੀ ਕੰਮ ਕਰਦਾ ਹੈ। ਦੂਜੇ ਦਿਨ ਉਹ ਅਖ਼ਬਾਰ ਆਪ ਲੈ ਕੇ ਆਪ ਜਾਂ ਕਿਸੇ ਦਲਾਲ ਰਾਹੀਂ ਉਸ ਅਫਸਰ ਕੋਲ ਪਹੁੰਚ ਕਰਨੀ ਤੇ ਉਸ ਨੂੰ ਅਹਿਸਾਸ ਕਰਾਉਣਾ ਕਿ ਉਸ (ਪੱਤਰਕਾਰ) ਨੂੰ ਸਲੂਟ ਮਾਰੇ ਬਗ਼ੈਰ ਗੁਜ਼ਾਰਾ ਨਹੀਂ ਹੋਣਾ। ਜੇ ਉਹ ਅਫਸਰ ਕਿਸੇ ਪੱਖ ਤੋਂ ਊਣਾ ਹੋਇਆ ਤਾਂ ਸਮਝ ਲਓ ਪੱਤਰਕਾਰ ਸਾਹਿਬ ਦਾ ਤੀਰ ਟਿਕਾਣੇ ਲੱਗ ਗਿਆ ਹੈ।
ਇਹ ਪੱਤਰਕਾਰ, ਅਫਸਰਾਂ ਨੂੰ ਦੋ ਤਰ੍ਹਾਂ ਆਪਣੇ ਹੱਥਾਂ ਵਿਚ ਰੱਖਦੇ ਹਨ। ਇਕ, ਉਨ੍ਹਾਂ ਨੂੰ ਡਰਾ-ਧਮਕਾ ਕੇ ਦੂਜਾ, ਉਨ੍ਹਾਂ ਦੀ ਚਾਪਲੂਸੀ ਕਰ ਕੇ। ਇਸ ਸਬੰਧ ਵਿਚ ਉਹ ਦੂਜੇ-ਤੀਜੇ ਦਿਨ ਉਸ ਅਫਸਰ ਦਾ ਨਾਂ ਕਿਸੇ ਨਾ ਕਿਸੇ ਖ਼ਬਰ ਵਿਚ ਛਪਾਈ ਰੱਖਦੇ ਹਨ ਤੇ ਉਹ ਅਫਸਰ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ। ਇਸ ਤਰ੍ਹਾਂ ਕਾਬੂ ਆਏ ਅਫਸਰਾਂ ਤੋਂ ਟੇਢੀ ਉਂਗਲ ਨਾਲ ਮੁਨਾਫਾ ਲੈਣ ਦਾ ਇਕ ਢੰਗ ਇਹ ਵੀ ਹੈ ਕਿ ਆਮ ਲੋਕਾਂ ਦੇ ਕੰਮ ਇਨ੍ਹਾਂ ਅਫਸਰਾਂ ਤੋਂ ਕਰਾ ਕੇ ਲੋਕਾਂ ਤੋਂ ਇਸ ਬਦਲੇ ‘ਫੀਸ’ ਵਸੂਲਣੀ। ਇਹ ਕੰਮ ਇਸ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿਸੇ ’ਤੇ ਕੋਈ ਜਾਇਜ਼-ਨਜਾਇਜ਼ ਕੇਸ ਪਿਆ ਹੋਇਆ ਹੋਵੇ, ਸ਼ਰਾਬ ਫੜੀ ਗਈ ਹੋਵੇ ਜਾਂ ਥਾਣੇ-ਤਹਿਸੀਲ ਤਕ ਕੋਈ ਹੋਰ ਮਾੜਾ ਮੋਟਾ ਕੰਮ ਹੋ ਸਕਦਾ ਹੈ। ਤਹਿਸੀਲ ਤੇ ਜ਼ਿਲਾ ਪੱਧਰ ਦੇ ਪੱਤਰਕਾਰਾਂ ਦੇ ਇਨ੍ਹਾਂ ਕੰਮਾਂ ਵਿਚ ਸੀਮਿੰਟ ਦੁਆਉਣਾ, ਕਿਸੇ ਦੇ ਹਥਿਆਰ ਦਾ ਲਸੰਸ ਬਣਵਾਉਣਾ, ਕਚਹਿਰੀਆਂ ਵਿਚ ਹੋਰ ਨਿੱਕੇ-ਮੋਟੇ ਕੰਮ ਕਰਾ ਦੇਣੇ, ਕਿਸੇ ਨਿੱਕੇ-ਮੋਟੇ ਦਫਤਰ ਵਿਚ ਕਿਸੇ ਦਾ ਧੀ-ਪੁੱਤ ਨੌਕਰੀ ’ਤੇ ਲਗਵਾ ਦੇਣਾ।
ਜਿੱਥੋਂ ਤਕ ਇਨ੍ਹਾਂ ਪੱਤਰਕਾਰਾਂ ਦੇ ਖਾਣ-ਪੀਣ ਦਾ ਸੁਆਲ ਹੈ, ਉੱਥੇ ਛੋਟੇ ਕਸਬਿਆਂ ਦੇ ਪੱਤਰਕਾਰਾਂ ਨੂੰ ਇਸ ਦੋਸ਼ ਤੋਂ ਮੁਕਤੀ ਮਿਲ ਜਾਂਦੀ ਹੈ, ਪਰ ਤਹਿਸੀਲ ਤੇ ਜ਼ਿਲਾ ਪੱਧਰ ਦੇ ਪੱਤਰਕਾਰਾਂ ਦੀ ਤਾਂ ਮਾਂ ਹੀ ਮਰ ਜਾਏ, ਜੇ ਉਹ ਘਰੋਂ ਬਾਹਰ ਮੁੱਲ ਦੀ ਚਾਹ ਪੀ ਲੈਣ ਜਾਂ ਰੋਟੀ ਖਾ ਲੈਣ। ਸ਼ਹਿਰ ਦੇ ਚੰਗੇ ਹੋਟਲਾਂ, ਰੈਸਟੋਰੈਂਟਾਂ ਤੋਂ ਹੇਠਾਂ ਤਾਂ ਉਨ੍ਹਾਂ ਦੇ ਚਿੱਤੜ ਨਹੀਂ ਟਿਕਦੇ। ਅੱਵਲ ਤਾਂ ਇਨ੍ਹਾਂ ਦਾ ਹੋਟਲ-ਰੈਸਟੋਰੈਂਟ ਵਾਲੇ ’ਤੇ ਦਬਕਾ ਹੀ ਹੁੰਦਾ ਹੈ, ਨਹੀਂ ਤਾਂ ਫੇਰ ਆਈ-ਚਲਾਈ ਤਾਂ ਫਸਾ ਹੀ ਲੈਣੀ ਹੋਈ ਨਾ। ਪੱਤਰਕਾਰਾਂ ਦੀ ਬਹੁਗਿਣਤੀ ਸ਼ਰਾਬ ਪੀਣ ਦੀ ਆਦੀ ਹੈ ਤੇ ਉਹ ਵੀ ਹਰਾਮ ਦੀ ਸ਼ਰਾਬ ਪੀਣ ਦੀ।
ਟੈਲੀਫੋਨ ਕਰਨਾ ਹੋਵੇ ਜਾਂ ਕਿਤੇ ਆਉਣਾ-ਜਾਣਾ ਹੋਵੇ ਤਾਂ ਇਹ ਪਬਲਿਕ ਰਿਲੇਸ਼ਨ ਦਫਤਰਾਂ ਦੀਆਂ ਗੱਡੀਆਂ ਅਤੇ ਥਾਣਿਆਂ ਦੇ ਫੋਨ ਵਰਤਦੇ ਹਨ। ਤਾਰ ਕਰਨ ਲਈ ਤਾਰ ਘਰੋਂ ਮਿਲਦੇ ਫਾਰਮਾਂ ਨੂੰ ਪੁੱਠੇ ਕਰ ਕੇ, ਇਹ ਪੱਤਰਕਾਰ, ਕੋਰੇ ਕਾਗ਼ਜ਼ਾਂ ਵਜੋਂ ਵਰਤਦੇ ਹਨ।
ਇਨ੍ਹਾਂ ਪੱਤਰਕਾਰਾਂ ਦੇ ਕੰਮ-ਕਾਰ ਦਾ ਸਭ ਤੋਂ ਜ਼ਲੀਲ, ਕਮੀਨਾ ਤੇ ਕਲਮੂੰਹਾਂ ਪੱਖ ਇਹ ਹੈ ਕਿ ਇਨ੍ਹਾਂ ਵਿਚੋਂ 60 ਫੀ ਸਦੀ ਪੱਤਰਕਾਰ ਸੀ. ਆਈ. ਡੀ. ਜਾਂ ਪੁਲਸ ਦੇ ਟਾਊਟ ਹੁੰਦੇ ਹਨ। ਇਸ ਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਕੋਈ ਸੂਚਨਾ ਸਭ ਤੋਂ ਪਹਿਲਾਂ ਪੱਤਰਕਾਰਾਂ ਨੂੰ ਹੀ ਮਿਲਦੀ ਹੈ ਤੇ ਉਹ ਉਸ ਸੂਚਨਾ ਬਾਰੇ ਖ਼ਬਰ ਛਾਪਣ ਤੋਂ ਪਹਿਲਾਂ ਉਸ ਦੀ ਵੇਚ-ਵੱਟ ਕਰਨੀ ਹੀ ਠੀਕ ਸਮਝਦੇ ਹਨ।
ਇਸ ਤਰ੍ਹਾਂ ਸਮੁੱਚਾ ਲੇਖਾ-ਜੋਖਾ ਕਰਨ ’ਤੇ ਇਸ ਭਾਈਚਾਰੇ ਬਾਰੇ ਪਤਾ ਲੱਗਦਾ ਹੈ ਕਿ ਇਹ ਲੋਕ, ਕਿਸੇ ਦੀ ਜੇਬ ਵਿਚੋਂ ਚੁਆਨੀ ਕੱਢਣ ਤੋਂ ਲੈ ਕੇ ਪੁਲਸ ਦੇ ਟਾਊਟ ਬਣਨ ਤਕ ਜਾ ਸਕਦੇ ਹਨ। ਇਹ ਕਿੰਨੇ ਕੁ ਆਦਰ-ਮਾਣ ਦੇ ਲਾਇਕ ਹਨ, ਇਸ ਬਾਰੇ ਕੋਈ ਫੈਸਲਾ ਸਾਨੂੰ ਦੇਣ ਦੀ ਲੋੜ ਨਹੀਂ। ਇਸ ਦਾ ਨਿਰਣਾ ਪਾਠਕ ਆਪ ਕਰਨ ਦੀ ਖੇਚਲ ਕਰਨ।
*

ਕਰਤੂਤਾਂ ਮੁੱਖ ਸੰਪਾਦਕਾਂ ਦੀਆਂ

ਇਸ ਰਚਨਾ ਤੋਂ ਅਸੀਂ, ਨਵੰਬਰ 1979 ਨੂੰ ਨਿੱਕਲੇ ਪੰਜਾਬੀ ਦੇ ਵਿਲੱਖਣ ਪਰਚੇ ‘ਠਿੱਬੀ’ ਦੇ ਇਕੋ-ਇਕ ਅੰਕ ਵਿਚ ਛਪੀ ਸਮੱਗਰੀ ਲੜੀਵਾਰ ਰੂਪ ਵਿਚ ਪੇਸ਼ ਕਰਾਂਗੇ ਤਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਪਰਚਾ ਨਹੀਂ ਦੇਖਿਆ, ਉਹ ਵੀ ਦੇਖ ਲੈਣ ਕਿ ਇਸ ਵਿਚ ਛਪਦੀ ਸਮੱਗਰੀ ਦਾ ਕੀ ਮਿਆਰ ਹੁੰਦਾ ਸੀ।ਇਨ੍ਹਾਂ ਲੇਖਾਂ ਦੇ ਬਹੁਤੇ ਤੱਥਾਂ ਬਾਰੇ ‘ਹੈ’ ਜਾਂ ‘ਹਨ’ ਦੀ ਥਾਂ ‘ਸੀ’ ਜਾਂ ‘ਸਨ’ ਹੀ ਪੜ੍ਹਿਆ ਜਾਵੇ ਕਿਉਂ ਕਿ ਇਹ ਪਰਚਾ 1979 ਵਿਚ ਛਪਿਆ ਸੀ। ਇੱਥੇ ਇਹ ਦੱਸਣਾ ਵੀ ਬੇਥਾਵਾਂ ਨਹੀਂ ਹੋਵੇਗਾ ਕਿ ਇਸ ਪਰਚੇ ਦਾ ਹਰ ਅੰਕ ‘ਵਿਸ਼ੇਸ਼’ ਹੋਇਆ ਕਰਨਾ ਸੀ, ਜਿੱਦਾਂ ‘ਪਹਿਲੀ ਠਿੱਬੀ ਪੱਤਰਕਾਰਾਂ ਨੂੰ’ ਸੀ ਤੇ ਪਰਚੇ ਦੇ ਆਖ਼ਰੀ ਪੰਨੇ ਉੱਤੇ ‘ਅਗਲੀ ਠਿੱਬੀ ਸਾਹਿੱਤਕਾਰਾਂ ਨੂੰ’ ਲਾਉਣ ਦਾ ਐਲਾਨ ਕੀਤਾ ਹੋਇਆ ਸੀ ਕਿ ਇਹ ਪਰਚਾ, ਇਕ ਅੰਕ ਛਾਪਣ ਤੋਂ ਬਾਅਦ ਹੀ ਬੰਦ ਕਰਨ ਲਈ ਦਬਾਅ ਵਧ ਗਿਆ ਸੀ।

ਹੋਰ ਕਿਸੇ ਭਾਸ਼ਾ ਦੇ ਅਖ਼ਬਾਰ ’ਤੇ ਇਹ ਗੱਲ ਢੁੱਕੇ ਨਾ ਢੁੱਕੇ, ਪਰ ਪੰਜਾਬੀ ਅਖ਼ਬਾਰਾਂ ’ਤੇ ਇਹ ਗੱਲ ਪੂਰੀ ਢੁੱਕਦੀ ਹੈ ਕਿ ਮੁੱਖ ਸੰਪਾਦਕ, ਅਖ਼ਬਾਰ ਦਾ ਅੱਧਾ ਖ਼ਸਮ ਹੁੰਦਾ ਹੈ ਤੇ ਜਦੋਂ ਅਖ਼ਬਾਰ ਦਾ ਮਾਲਕ ਵੀ ਉਹੀ ਹੋਵੇ ਤਾਂ ਆਪਣੇ-ਆਪ ਹੀ ਪੂਰਾ ਖ਼ਸਮ ਹੋ ਗਿਆ। ਪੰਜਾਬੀ ਅਖ਼ਬਾਰਾਂ ਦੇ ਅੱਧੇ ਤੇ ਪੂਰੇ ਖ਼ਸਮ ਰੂਪੀ ਇਹ ਮੁੱਖ ਸੰਪਾਦਕ ਕਿਸ ਤਰ੍ਹਾਂ ਦੀਆਂ ਕਰਤੂਤਾਂ ਦੇ ਮਾਲਕ ਹਨ, ਇਹ ਹੈ ਸਾਡੀ ਇਸ ਲਿਖਤ ਦਾ ਵਿਸ਼ਾ।
ਪੰਜਾਬੀ ਦੇ ਇਕ ਅਖ਼ਬਾਰ ਦੇ ਸੰਪਾਦਕ ਨੂੰ ‘ਬਾਦਸ਼ਾਹ ਸੰਪਾਦਕ’ ਕਹਾਉਣ ਵਿਚ ਬੜਾ ਮਜ਼ਾ ਆਉਂਦਾ ਹੈ। ਜੇ ਕੋਈ ਵਿਅਕਤੀ ਉਸ ਦੀਆਂ ਸੰਪਾਦਕੀ ਬਾਦਸ਼ਾਹੀਆਂ ਜਾਂ ਬਾਦਸ਼ਾਹੀ ਸੰਪਾਦਕੀਆਂ ਦੀਆਂ ਦੋ ਕੁ ਸਿਫ਼ਤਾਂ ਕਰ ਦੇਵੇ ਤਾਂ ਉਸ ਦੇ ਉਸ ਦਿਨ ਦੇ ਲੰਚ ਤੇ ਡਿਨਰ ਦਾ ਪ੍ਰਬੰਧ ਹੋ ਗਿਆ ਹੀ ਸਮਝੋ। ਇਹੋ ਜਿਹੇ ਫ਼ਨ ਵਿਚ ਕੋਈ ਮਾਹਰ ਵਿਅਕਤੀ ਤਾਂ ਦੋ-ਚਾਰ ਹੋਰ ਵਿਅਕਤੀਆਂ ਦੀ ਵੀ ਉਦਰ ਪੂਰਤੀ ਕਰ/ ਕਰਾ ਸਕਦਾ ਹੈ। ਇਹ ਬਾਦਸ਼ਾਹ ਸੰਪਾਦਕ ਆਪਣੀਆਂ ਕਥਿਤ ਸਾਹਿੱਤਕ ਰੁਚੀਆਂ ਕਾਰਨ ਪਿਛਲੇ ਦਿਨੀਂ ਬੁੱਢੇ ਵਾਰੇ ਇਸ਼ਕ ਵਿਚ ਇੰਨਾ ਗਲਤਾਨ ਹੋ ਗਿਆ ਕਿ ਇਸ ਦੀ ਬਾਦਸ਼ਾਹੀ ਇਕ ਮਾਮੂਲੀ ਔਰਤ ਅੱਗੇ ਵਜ਼ੀਰੀ ਤੋਂ ਵੀ ਘਟੀਆ ਹੋ ਕੇ ਰਹਿ ਗਈ ਹੈ। ਇਸ ਸੰਪਾਦਕ ਦੀ ‘ਹਮਦਰਦੀ’ ਹਮੇਸ਼ਾ ਹੀ ਸਮੇਂ ਦੀ ਹਾਕਮ ਪਾਰਟੀ ਨਾਲ ਰਹੀ ਹੈ। ਉਂਝ ਵੀ ਦੇਖੀਏ ਤਾਂ ਉਸ ਦਾ ਵਿਅਕਤੀਤਵ ਕਈ ਸਿਆਸੀ ਪਾਰਟੀਆਂ (ਸਿਆਸੀ ਵਿਚਾਰਧਾਰਾਵਾਂ ਦਾ ਨਹੀਂ) ਮਿਲਗੋਭਾ ਹੀ ਨਹੀਂ, ਗੋਭਮਿਲਾ ਵੀ ਲੱਗਦਾ ਹੈ। ਕਹਿੰਦੇ ਹਨ ਕਿ ਇਕ ਵਾਰ ਇਕ ਸਾਬਕਾ ਸਰਕਾਰ ਦੇ ਤਤਕਾਲੀ ਕੇਂਦਰੀ ਮੰਤਰੀ, ਜਿਨ੍ਹਾਂ ਦਾ ਨਾਂ ‘ਪੌਦਾ ਸਿੰਘ’ ਦਾ ਸਮਅਰਥੀ ਹੈ, ਨੇ ਇਸ ਸੰਪਾਦਕ ਨੂੰ ਲਿਖਿਆ ਕਿ ਉਹ ਉਨ੍ਹਾਂ ਦੀ ਹਮਾਇਤ ਕਰਨ ਬਾਰੇ ਪਰਚੇ ਵਿਚ ਕਿਉਂ ਨਹੀਂ ਲਿਖਦੇ ਤਾਂ ਸਾਡੇ ਇਸ ਬਾਦਸ਼ਾਹ (ਤਾਸ਼ ਦਾ ਨਾ ਸਮਝਣਾ) ਸੰਪਾਦਕ ਨੇ ਇਕ ਸੰਪਾਦਕੀ ਵਿਚ ਲਿਖਿਆ ਸੀ ਕਿ ਉਨ੍ਹਾਂ ਦਾ ਪਰਚਾ ਉਮੀਦਵਾਰ ਨੂੰ ਦੇਖ ਕੇ ਨਹੀਂ, ਉਮਦਿਵਾਰ ਦੀ ਜੇਬ ਤੇ ਉਸ ਦਾ ਬਟੂਆ ਦੇਖ ਕੇ ਹੀ ਹਮਾਇਤ ਕਰਦਾ ਹੈ ਤੇ ਉਹ ਮੰਤਰੀ ਜੀ (ਬਾਅਦ ਵਿਚ ਬਣ ਗਏ ਸਨ) ਵੀ ਆਪਣਾ ਬਟੂਆ ਦਿਖਾ ਜਾਣ ਨਹੀਂ ਤਾਂ ਉਨ੍ਹਾਂ ਦੇ ਪਰਚੇ ਨੂੰ ਕੀ ਲੋੜ ਹੈ ਕਿ ਹਰ ਜਣੇ-ਖਣੇ ਦੀ ਹਮਾਇਤ ਕਰਦਾ ਫਿਰੇ।
ਇਕ ਹੋਰ ਅਖ਼ਬਾਰ ਦੇ ਸੰਪਾਦਕ ਜੋ ਵਿਚਾਰੇ ‘ਹਨ’ ਨਹੀਂ ‘ਸਨ’, ਜਿਨ੍ਹਾਂ ਨੂੰ ਪੱਤਰਕਾਰੀ ਦਾ ਇਨਾਮ ਨਾ ਕਦੇ ਮਿਲਿਆ ਸੀ ਤੇ ਨਾ ਹੀ ਮਿਲ ਸਕă5;ਾ ਸੀ, ਹਾਂ ਜੇ ਗਾਲ਼ਾਂ ਕੱਢਣ ਸਬੰਧੀ ਕੋਈ ਇਨਾਮ ਸਮੇਂ ਦੀ ਸਰਕਾਰ ਰੱਖਦੀ ਤਾਂ ਉਹ ਉਨ੍ਹਾਂ ਨੂੰ ਹੀ ਜਾਣਾ ਸੀ। ਉਂਝ ਭਾਵੇਂ ਉਹ ਪੂਰਨ ਗੁਰਸਿੱਖ ਸਨ, ਪਰ ਦਫ਼ਤਰੀ ਕਾਰਵਾਈ ਤੇ ਸੰਪਾਦਕੀ ਅਮਲੇ ਨੂੰ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਇਕ ਤਿਲੜੀ ਗਾਲ਼ ਤੋਂ ਸ਼ੁਰੂ ਹੁੰਦੀਆਂ। ਇਸ ਤਿਲੜੀ ਗਾਲ਼ ਦਾ ਮੁੱਖ ਪਾਤਰ ਉਹ ਮੱਧਮ ਪੁਰਖ਼ ਨੂੰ ਬਣਾ ਕੇ ਉੱਤਮ ਪੁਰਖ਼ ਤੇ ਅੰਨਯ ਪੁਰਖ਼ ਨੂੰ ਇਸ ਦੇ ‘ਸਾਈਡ ਹੀਰੋ’ ਬਣਾ ਦਿੰਦਾ ਸੀ। ਸਰਲ ਭਾਸ਼ਾ ਵਿਚ ਕਹੀਏ ਤਾਂ ਉਹ ਇਕੋ ਸਮੇਂ ਆਪਣੇ-ਆਪ ਨੂੰ, ਜਿਸ ਨਾਲ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਅਤੇ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਗਾਲ਼ ਕੱਢਣ ਦੇ ਮਾਹਰ ਸਨ।
ਇਕ ਜਨਵਾਦੀ ਕਿ ਜਿੰਨਵਾਦੀ ਅਖ਼ਬਾਰ ਦੇ ਸੰਪਾਦਕ ਹੋਰ ਹਨ, ਜਿਨ੍ਹਾਂ ਦੀ ਜੀਭ, ਉਨ੍ਹਾਂ ਦੀ ਕਲਮ ਦੀ ਨਿੱਬ ਨਾਲੋਂ ਵੀ ਤਿੱਖੀ ਹੈ। ਉਨ੍ਹਾਂ ਦੀ ਜੀਭ ਤੋਂ ਡਰਦੀਆਂ ਵੇਲ਼ੇ-ਵੇਲ਼ੇ ਦੀਆਂ ਸਰਕਾਰਾਂ, ਜਿਨ੍ਹਾਂ ਦੇ ਉਹ ਆਪਣੇ-ਆਪ ਨੂੰ ਵਿਰੋਧੀ ਦੱਸਦੇ ਹਨ, ਆਪਣਾ ‘ਖੁਫੀਆ ਸਲਾਹਕਾਰ’ ਬਣਾ ਲੈਂਦੀਆਂ ਰਹੀਆਂ ਹਨ। ਵਰਤਮਾਨ ਸਮੇਂ ਵੀ (ਨਵੰਬਰ 1979) ਪੰਜਾਬ ਸਰਕਾਰ ਦੇ ਨੇਤਾ ਉਨ੍ਹਾਂ ਨੂੰ ਆਪਣੀ ‘ਸੱਜੀ ਬਾਂਹ’ ਸਮਝਦੇ ਹਨ ਜਦੋਂ ਕਿ ਉਹ ਇਕ ‘ਖੱਬੀ ਪਾਰਟੀ’ ਦੇ ਨੇਤਾ ਹਨ।
ਇਕ ਸਮਾਂ ਸੀ, ਇਸ ਸੰਪਾਦਕ ਦੀ ਕੇਵਲ ਘੰਡੀ ਨਜ਼ਰ ਆਉਂਦੀ ਸੀ, ਪਰ ਉਹ ਇਨਕਲਾਬ ਲਈ ਇੰਨਾ ਫ਼ਿਕਰਮੰਦ ਹੋਏ ਤੇ ਉਨ੍ਹਾਂ ਦੀ ਸਿਹਤ ’ਤੇ ਇੰਨਾ ਅਸਰ ਪਿਆ (ਬੁਰਾ ਨਹੀਂ ਚੰਗਾ) ਕਿ ਬਰਲਿਨ ਦੇ ਹਸਪਤਾਲ ਵਿਚ ਲੱਗੀ ਹੋਈ ਐਕਸਰੇ ਮਸ਼ੀਨ ਵੀ ਉਨ੍ਹਾਂ ਦੀ ਘੰਡੀ ਨਾ ਲੱਭ ਸਕੀ। ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਦੇ ਪੁੱਤਰ ਤੇ ਰਿਸ਼ਤੇਦਾਰ ਉਨ੍ਹਾਂ ਦੀ ਸਿਹਤ ਦੇ, ਆਪਣੇ ਹੀ ਦੇਸ਼ ਵਿਚ ਹੋਏ ਇਸ ਹਾਲ ’ਤੇ ਸ਼ਰਮਸਾਰ ਹਨ ਕਿਉਂ ਕਿ ਫੰਡ ਇਕੱਠਾ ਕਰਨ ਗਏ ਇਸ ਸੰਪਾਦਕ ਨੇ ਉਨ੍ਹਾਂ (ਪੁੱਤਰਾਂ) ਨੂੰ ਕਈ ਵਰ੍ਹੇ ਪਹਿਲਾਂ ਹੀ ਵਿਦੇਸ਼ ਮੰਗਵਾ ਲਿਆ ਸੀ, ਪਰ ਇਨ੍ਹਾਂ ਵਰ੍ਹਿਆਂ ਵਿਚ ਉਹ ਆਪਣੇ ਪਿਉ ਯਾਨੀ ਇਸ ਸੰਪਾਦਕ ਦੀ ਸਿਹਤ ਦੀ ਰੀਸ ਕਰਨੋਂ ਅਸਮਰੱਥ ਰਹੇ ਜਾਪਦੇ ਸਨ। ਭਾਵੇਂ ਇਹ ਸੰਪਾਦਕ ਤੇ ਇਸ ਦੀ ਪਾਰਟੀ, ਭ੍ਰਿਸ਼ਟਾਚਾਰ ਜਿਹੀ ਬੁਰੀ ਰੀਤ ਨੂੰ ਕਿੱਲ੍ਹ-ਕਿੱਲ੍ਹ ਕੇ ਭੰਡਦੇ ਰਹੇ ਹਨ, ਪਰ ਇਸ ਸੰਪਾਦਕ ਦੇ ਅਖ਼ਬਾਰ ਦੇ ਸੰਪਾਦਕੀ ਅਮਲੇ ਦਾ ਕੋਈ ਮੈਂਬਰ, ਸਿਫ਼ਾਰਸ਼ ਤੋਂ ਬਗ਼ੈਰ ਨਹੀਂ ਰੱਖਿਆ ਗਿਆ (ਹਾਂ, ਸਿਫ਼ਾਰਸ਼ਾਂ ਭਾਵੇਂ ਪਾਰਟੀ ਵਾਲਿਆਂ ਦੀਆਂ ਹੀ ਹੋਣ)। ਕਿਸੇ ਨੂੰ ਸੰਪਾਦਕੀ ਅਮਲੇ ਵਿਚ ਭਰਤੀ ਕਰਨ ਵੇਲ਼ੇ ਇਹ ਵਿਸ਼ੇਸ਼ ਹਦਾਇਤ ਕਰਦੇ ਹਨ, ‘ਦੇਖ ਲਿਓ ਕਿਤੇ ਮੁੰਡਾ ਮੁਹਰਿਓਂ ਉਭਾਸਰਨ ਵਾਲਾ ਨਾ ਹੋਵੇ, ਸਿਧਾਂਤ ਛਾਂਟਣ ਵਾਲਾ ਨਾ ਹੋਵੇ’। ਇਨ੍ਹਾਂ ਮੁਢਲੀਆਂ ਸ਼ਰਤਾਂ ਨਾਲ ਕਿਸੇ ਪਾਰਟੀ ਆਗੂ ਦੀ ਸਿਫ਼ਾਰਸ਼ ਹੋਵੇ ਤਾਂ ਗੱਲ ਬਣੀ ਸਮਝੋ। ਇਸੇ ਕਰ ਕੇ ਇਸ ਸੰਪਾਦਕ ਦੇ ਅਖ਼ਬਾਰ ਵਿਚ ਕਈ ‘ਅਨਪੜ੍ਹ’ ਤੇ ‘ਅੰਨਪਾੜ’ ਵਿਅਕਤੀ, ਉੱਚੀਆਂ ਕੁਰਸੀਆਂ ’ਤੇ ਬਿਰਾਜਮਾਨ ਹਨ।
ਇਕ ਹੋਰ ਪੰਜਾਬੀ ਅਖ਼ਬਾਰ, ਜੋ ਸਭ ਤੋਂ ਬਾਅਦ ਵਿਚ ਨਿੱਕਲਣਾ ਸ਼ੁਰੂ ਹੋਇਆ ਹੈ, ਨੂੰ ਦੁਕਾਨਦਾਰੀ ਦੀ ਘਟੀਆਤਮ ਕਿਸਮ ਕਹਿ ਲਿਆ ਜਾਵੇ ਤਾਂ ਵੀ ਠੀਕ ਹੀ ਰਹੇਗਾ। ਉਸ ਦੇ ਮੁੱਖ ਸੰਪਾਦਕ ਸਾਹਿਬ ਦਾ ਕੰਮ ਹੈ ਕਿ ਕਿਸੇ ਸਨਅਤਕਾਰ ਦੀ ਫਰਮ ਆਦਿ ਦਾ ਇਸ਼ਤਿਹਾਰ, ਬਿਨਾਂ ਪੁੱਛੇ ਅਖ਼ਬਾਰ ਵਿਚ ਜੜ ਦੇਣਾ ਅਤੇ ਬਾਅਦ ਵਿਚ ਫੋਨ ਕਰ ਦੇਣਾ, “ਜੀ ਇਸ਼ਤਿਹਾਰ ਦਾ ਬਿੱਲ ਏਨਾ ਬਣ ਗਿਆ।” ਹਾਲਾਂ ਕਿ ਪੈਸੇ-ਟਕੇ ਦਾ ਮਾਮਲਾ ਸੰਪਾਦਕ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਪਰ ਇਹ ਅਖ਼ਬਾਰ ਰਾਜ ਕਰ ਰਹੀ ਸਿਆਸੀ ਪਾਰਟੀ ਦਾ ਹੋਣ ਕਰ ਕੇ, ਉਸ ਬਾਰੇ ਪਤਾ ਨਹੀਂ ਹੈ ਕਿ ਉਸ ਨੇ ਦੋ ਦਿਨ ਰਹਿਣਾ ਹੈ ਕਿ ਚਾਰ ਦਿਨ, ਜਿਸ ਲਈ ਸੰਪਾਦਕ ਸਾਹਿਬ ਵੀ ਵਗਦੀ ਗੰਗਾ ਵਿਚ ਪਿੱਠ ਧੋਣ ਤੋਂ ਪਿੱਛੇ ਨਹੀਂ ਰਹੇ। ਇਸ ਅਖ਼ਬਾਰ ਬਾਰੇ ਚਰਚਾ ਚੱਲ ਰਹੀ ਹੈ ਕਿ ਇਸ਼ਤਿਹਾਰਾਂ ਦੀ ਆਮਦਨੀ ਤੋਂ ਆਏ ਧਨ ਵਿਚ ਹੁਣ ਤਕ ਲੱਖਾਂ ਰੁਪਏ ਦਾ ਘਪਲਾ ਹੋ ਗਿਆ ਹੈ, ਜਿਸ ਵਿਚ ਸੰਪਾਦਕ ਦਾ ਵੀ ਹੱਥ ਹੈ।
ਅਖ਼ੀਰ ਵਿਚ ਉਸ ਮੁੱਖ ਸੰਪਾਦਕ ਦੀ ਗੱਲ, ਜੋ ਇਕੋ ਸਮੇਂ ਤਿੰਨ ਅਖ਼ਬਾਰਾਂ ਦਾ ਸੰਪਾਦਕ ਹੈ। ਪਤਾ ਨਹੀਂ ਸੱਚ, ਪਤਾ ਨਹੀਂ ਝੂਠ, ਉਸ ਸੰਪਾਦਕ ਉੱਤੇ ਪਿੱਛੇ ਜਿਹੇ ਸੀ. ਆਈ. ਏ. ਦਾ ਏਜੰਟ ਹੋਣ ਦਾ ਦੋਸ਼ ਲੱਗਿਆ ਸੀ। ਕਿਸੇ ’ਤੇ ਸੀ. ਆਈ. ਏ. ਦਾ ਏਜੰਟ ਹੋਣ ਦਾ ਦੋਸ਼ ਲੱਗ ਜਾਵੇ, ਉਸ ਦੇ ਹੋਰ ਔਗੁਣਾਂ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ।
ਉਂਝ ਪੰਜਾਬੀ ਵਿਚ ਨਿੱਕੀਆਂ-ਮੋਟੀਆਂ ਅਖ਼ਬਾਰਾਂ ਤਾ ਹੋਰ ਵੀ ਬਥੇਰੀਆਂ ਨਿੱਕਲਦੀਆਂ ਹਨ, ਪਰ ਅਸੀਂ ਤਾਂ ਮੁੱਖ ਪੰਜਾਬੀ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਬਾਰੇ ਹੀ ਗੱਲ ਕਰਨੀ ਸੀ ਤੇ ਉਹ ਕਰ ਦਿੱਤੀ ਹੈ। ਦੁੱਕੀ-ਤਿੱਕੀ ਅਖ਼ਬਾਰਾਂ ਤਾਂ ਆਏ ਮਹੀਨੇ ਨਿੱਕਲਦੀਆਂ/ ਬੰਦ ਹੁੰਦੀਆਂ ਰਹਿੰਦੀਆਂ ਹਨ, ਸੋ ‘ਠਿੱਬੀ’ ਨੂੰ ਕੀ ਵਖ਼ਤ ਪਿਐ ਕਿ ਹਰ ਜਣੇ-ਖਣੇ ਦੀ ਮਸ਼ਹੂਰੀ ਕਰੇ।

 

ਪਿੱਛਾ ਕਰਨ ਵਾਲ਼ੇ