ਕਰਤੂਤਾਂ ਮੁੱਖ ਸੰਪਾਦਕਾਂ ਦੀਆਂ

ਇਸ ਰਚਨਾ ਤੋਂ ਅਸੀਂ, ਨਵੰਬਰ 1979 ਨੂੰ ਨਿੱਕਲੇ ਪੰਜਾਬੀ ਦੇ ਵਿਲੱਖਣ ਪਰਚੇ ‘ਠਿੱਬੀ’ ਦੇ ਇਕੋ-ਇਕ ਅੰਕ ਵਿਚ ਛਪੀ ਸਮੱਗਰੀ ਲੜੀਵਾਰ ਰੂਪ ਵਿਚ ਪੇਸ਼ ਕਰਾਂਗੇ ਤਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਪਰਚਾ ਨਹੀਂ ਦੇਖਿਆ, ਉਹ ਵੀ ਦੇਖ ਲੈਣ ਕਿ ਇਸ ਵਿਚ ਛਪਦੀ ਸਮੱਗਰੀ ਦਾ ਕੀ ਮਿਆਰ ਹੁੰਦਾ ਸੀ।ਇਨ੍ਹਾਂ ਲੇਖਾਂ ਦੇ ਬਹੁਤੇ ਤੱਥਾਂ ਬਾਰੇ ‘ਹੈ’ ਜਾਂ ‘ਹਨ’ ਦੀ ਥਾਂ ‘ਸੀ’ ਜਾਂ ‘ਸਨ’ ਹੀ ਪੜ੍ਹਿਆ ਜਾਵੇ ਕਿਉਂ ਕਿ ਇਹ ਪਰਚਾ 1979 ਵਿਚ ਛਪਿਆ ਸੀ। ਇੱਥੇ ਇਹ ਦੱਸਣਾ ਵੀ ਬੇਥਾਵਾਂ ਨਹੀਂ ਹੋਵੇਗਾ ਕਿ ਇਸ ਪਰਚੇ ਦਾ ਹਰ ਅੰਕ ‘ਵਿਸ਼ੇਸ਼’ ਹੋਇਆ ਕਰਨਾ ਸੀ, ਜਿੱਦਾਂ ‘ਪਹਿਲੀ ਠਿੱਬੀ ਪੱਤਰਕਾਰਾਂ ਨੂੰ’ ਸੀ ਤੇ ਪਰਚੇ ਦੇ ਆਖ਼ਰੀ ਪੰਨੇ ਉੱਤੇ ‘ਅਗਲੀ ਠਿੱਬੀ ਸਾਹਿੱਤਕਾਰਾਂ ਨੂੰ’ ਲਾਉਣ ਦਾ ਐਲਾਨ ਕੀਤਾ ਹੋਇਆ ਸੀ ਕਿ ਇਹ ਪਰਚਾ, ਇਕ ਅੰਕ ਛਾਪਣ ਤੋਂ ਬਾਅਦ ਹੀ ਬੰਦ ਕਰਨ ਲਈ ਦਬਾਅ ਵਧ ਗਿਆ ਸੀ।

ਹੋਰ ਕਿਸੇ ਭਾਸ਼ਾ ਦੇ ਅਖ਼ਬਾਰ ’ਤੇ ਇਹ ਗੱਲ ਢੁੱਕੇ ਨਾ ਢੁੱਕੇ, ਪਰ ਪੰਜਾਬੀ ਅਖ਼ਬਾਰਾਂ ’ਤੇ ਇਹ ਗੱਲ ਪੂਰੀ ਢੁੱਕਦੀ ਹੈ ਕਿ ਮੁੱਖ ਸੰਪਾਦਕ, ਅਖ਼ਬਾਰ ਦਾ ਅੱਧਾ ਖ਼ਸਮ ਹੁੰਦਾ ਹੈ ਤੇ ਜਦੋਂ ਅਖ਼ਬਾਰ ਦਾ ਮਾਲਕ ਵੀ ਉਹੀ ਹੋਵੇ ਤਾਂ ਆਪਣੇ-ਆਪ ਹੀ ਪੂਰਾ ਖ਼ਸਮ ਹੋ ਗਿਆ। ਪੰਜਾਬੀ ਅਖ਼ਬਾਰਾਂ ਦੇ ਅੱਧੇ ਤੇ ਪੂਰੇ ਖ਼ਸਮ ਰੂਪੀ ਇਹ ਮੁੱਖ ਸੰਪਾਦਕ ਕਿਸ ਤਰ੍ਹਾਂ ਦੀਆਂ ਕਰਤੂਤਾਂ ਦੇ ਮਾਲਕ ਹਨ, ਇਹ ਹੈ ਸਾਡੀ ਇਸ ਲਿਖਤ ਦਾ ਵਿਸ਼ਾ।
ਪੰਜਾਬੀ ਦੇ ਇਕ ਅਖ਼ਬਾਰ ਦੇ ਸੰਪਾਦਕ ਨੂੰ ‘ਬਾਦਸ਼ਾਹ ਸੰਪਾਦਕ’ ਕਹਾਉਣ ਵਿਚ ਬੜਾ ਮਜ਼ਾ ਆਉਂਦਾ ਹੈ। ਜੇ ਕੋਈ ਵਿਅਕਤੀ ਉਸ ਦੀਆਂ ਸੰਪਾਦਕੀ ਬਾਦਸ਼ਾਹੀਆਂ ਜਾਂ ਬਾਦਸ਼ਾਹੀ ਸੰਪਾਦਕੀਆਂ ਦੀਆਂ ਦੋ ਕੁ ਸਿਫ਼ਤਾਂ ਕਰ ਦੇਵੇ ਤਾਂ ਉਸ ਦੇ ਉਸ ਦਿਨ ਦੇ ਲੰਚ ਤੇ ਡਿਨਰ ਦਾ ਪ੍ਰਬੰਧ ਹੋ ਗਿਆ ਹੀ ਸਮਝੋ। ਇਹੋ ਜਿਹੇ ਫ਼ਨ ਵਿਚ ਕੋਈ ਮਾਹਰ ਵਿਅਕਤੀ ਤਾਂ ਦੋ-ਚਾਰ ਹੋਰ ਵਿਅਕਤੀਆਂ ਦੀ ਵੀ ਉਦਰ ਪੂਰਤੀ ਕਰ/ ਕਰਾ ਸਕਦਾ ਹੈ। ਇਹ ਬਾਦਸ਼ਾਹ ਸੰਪਾਦਕ ਆਪਣੀਆਂ ਕਥਿਤ ਸਾਹਿੱਤਕ ਰੁਚੀਆਂ ਕਾਰਨ ਪਿਛਲੇ ਦਿਨੀਂ ਬੁੱਢੇ ਵਾਰੇ ਇਸ਼ਕ ਵਿਚ ਇੰਨਾ ਗਲਤਾਨ ਹੋ ਗਿਆ ਕਿ ਇਸ ਦੀ ਬਾਦਸ਼ਾਹੀ ਇਕ ਮਾਮੂਲੀ ਔਰਤ ਅੱਗੇ ਵਜ਼ੀਰੀ ਤੋਂ ਵੀ ਘਟੀਆ ਹੋ ਕੇ ਰਹਿ ਗਈ ਹੈ। ਇਸ ਸੰਪਾਦਕ ਦੀ ‘ਹਮਦਰਦੀ’ ਹਮੇਸ਼ਾ ਹੀ ਸਮੇਂ ਦੀ ਹਾਕਮ ਪਾਰਟੀ ਨਾਲ ਰਹੀ ਹੈ। ਉਂਝ ਵੀ ਦੇਖੀਏ ਤਾਂ ਉਸ ਦਾ ਵਿਅਕਤੀਤਵ ਕਈ ਸਿਆਸੀ ਪਾਰਟੀਆਂ (ਸਿਆਸੀ ਵਿਚਾਰਧਾਰਾਵਾਂ ਦਾ ਨਹੀਂ) ਮਿਲਗੋਭਾ ਹੀ ਨਹੀਂ, ਗੋਭਮਿਲਾ ਵੀ ਲੱਗਦਾ ਹੈ। ਕਹਿੰਦੇ ਹਨ ਕਿ ਇਕ ਵਾਰ ਇਕ ਸਾਬਕਾ ਸਰਕਾਰ ਦੇ ਤਤਕਾਲੀ ਕੇਂਦਰੀ ਮੰਤਰੀ, ਜਿਨ੍ਹਾਂ ਦਾ ਨਾਂ ‘ਪੌਦਾ ਸਿੰਘ’ ਦਾ ਸਮਅਰਥੀ ਹੈ, ਨੇ ਇਸ ਸੰਪਾਦਕ ਨੂੰ ਲਿਖਿਆ ਕਿ ਉਹ ਉਨ੍ਹਾਂ ਦੀ ਹਮਾਇਤ ਕਰਨ ਬਾਰੇ ਪਰਚੇ ਵਿਚ ਕਿਉਂ ਨਹੀਂ ਲਿਖਦੇ ਤਾਂ ਸਾਡੇ ਇਸ ਬਾਦਸ਼ਾਹ (ਤਾਸ਼ ਦਾ ਨਾ ਸਮਝਣਾ) ਸੰਪਾਦਕ ਨੇ ਇਕ ਸੰਪਾਦਕੀ ਵਿਚ ਲਿਖਿਆ ਸੀ ਕਿ ਉਨ੍ਹਾਂ ਦਾ ਪਰਚਾ ਉਮੀਦਵਾਰ ਨੂੰ ਦੇਖ ਕੇ ਨਹੀਂ, ਉਮਦਿਵਾਰ ਦੀ ਜੇਬ ਤੇ ਉਸ ਦਾ ਬਟੂਆ ਦੇਖ ਕੇ ਹੀ ਹਮਾਇਤ ਕਰਦਾ ਹੈ ਤੇ ਉਹ ਮੰਤਰੀ ਜੀ (ਬਾਅਦ ਵਿਚ ਬਣ ਗਏ ਸਨ) ਵੀ ਆਪਣਾ ਬਟੂਆ ਦਿਖਾ ਜਾਣ ਨਹੀਂ ਤਾਂ ਉਨ੍ਹਾਂ ਦੇ ਪਰਚੇ ਨੂੰ ਕੀ ਲੋੜ ਹੈ ਕਿ ਹਰ ਜਣੇ-ਖਣੇ ਦੀ ਹਮਾਇਤ ਕਰਦਾ ਫਿਰੇ।
ਇਕ ਹੋਰ ਅਖ਼ਬਾਰ ਦੇ ਸੰਪਾਦਕ ਜੋ ਵਿਚਾਰੇ ‘ਹਨ’ ਨਹੀਂ ‘ਸਨ’, ਜਿਨ੍ਹਾਂ ਨੂੰ ਪੱਤਰਕਾਰੀ ਦਾ ਇਨਾਮ ਨਾ ਕਦੇ ਮਿਲਿਆ ਸੀ ਤੇ ਨਾ ਹੀ ਮਿਲ ਸਕă5;ਾ ਸੀ, ਹਾਂ ਜੇ ਗਾਲ਼ਾਂ ਕੱਢਣ ਸਬੰਧੀ ਕੋਈ ਇਨਾਮ ਸਮੇਂ ਦੀ ਸਰਕਾਰ ਰੱਖਦੀ ਤਾਂ ਉਹ ਉਨ੍ਹਾਂ ਨੂੰ ਹੀ ਜਾਣਾ ਸੀ। ਉਂਝ ਭਾਵੇਂ ਉਹ ਪੂਰਨ ਗੁਰਸਿੱਖ ਸਨ, ਪਰ ਦਫ਼ਤਰੀ ਕਾਰਵਾਈ ਤੇ ਸੰਪਾਦਕੀ ਅਮਲੇ ਨੂੰ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਇਕ ਤਿਲੜੀ ਗਾਲ਼ ਤੋਂ ਸ਼ੁਰੂ ਹੁੰਦੀਆਂ। ਇਸ ਤਿਲੜੀ ਗਾਲ਼ ਦਾ ਮੁੱਖ ਪਾਤਰ ਉਹ ਮੱਧਮ ਪੁਰਖ਼ ਨੂੰ ਬਣਾ ਕੇ ਉੱਤਮ ਪੁਰਖ਼ ਤੇ ਅੰਨਯ ਪੁਰਖ਼ ਨੂੰ ਇਸ ਦੇ ‘ਸਾਈਡ ਹੀਰੋ’ ਬਣਾ ਦਿੰਦਾ ਸੀ। ਸਰਲ ਭਾਸ਼ਾ ਵਿਚ ਕਹੀਏ ਤਾਂ ਉਹ ਇਕੋ ਸਮੇਂ ਆਪਣੇ-ਆਪ ਨੂੰ, ਜਿਸ ਨਾਲ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਅਤੇ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਗਾਲ਼ ਕੱਢਣ ਦੇ ਮਾਹਰ ਸਨ।
ਇਕ ਜਨਵਾਦੀ ਕਿ ਜਿੰਨਵਾਦੀ ਅਖ਼ਬਾਰ ਦੇ ਸੰਪਾਦਕ ਹੋਰ ਹਨ, ਜਿਨ੍ਹਾਂ ਦੀ ਜੀਭ, ਉਨ੍ਹਾਂ ਦੀ ਕਲਮ ਦੀ ਨਿੱਬ ਨਾਲੋਂ ਵੀ ਤਿੱਖੀ ਹੈ। ਉਨ੍ਹਾਂ ਦੀ ਜੀਭ ਤੋਂ ਡਰਦੀਆਂ ਵੇਲ਼ੇ-ਵੇਲ਼ੇ ਦੀਆਂ ਸਰਕਾਰਾਂ, ਜਿਨ੍ਹਾਂ ਦੇ ਉਹ ਆਪਣੇ-ਆਪ ਨੂੰ ਵਿਰੋਧੀ ਦੱਸਦੇ ਹਨ, ਆਪਣਾ ‘ਖੁਫੀਆ ਸਲਾਹਕਾਰ’ ਬਣਾ ਲੈਂਦੀਆਂ ਰਹੀਆਂ ਹਨ। ਵਰਤਮਾਨ ਸਮੇਂ ਵੀ (ਨਵੰਬਰ 1979) ਪੰਜਾਬ ਸਰਕਾਰ ਦੇ ਨੇਤਾ ਉਨ੍ਹਾਂ ਨੂੰ ਆਪਣੀ ‘ਸੱਜੀ ਬਾਂਹ’ ਸਮਝਦੇ ਹਨ ਜਦੋਂ ਕਿ ਉਹ ਇਕ ‘ਖੱਬੀ ਪਾਰਟੀ’ ਦੇ ਨੇਤਾ ਹਨ।
ਇਕ ਸਮਾਂ ਸੀ, ਇਸ ਸੰਪਾਦਕ ਦੀ ਕੇਵਲ ਘੰਡੀ ਨਜ਼ਰ ਆਉਂਦੀ ਸੀ, ਪਰ ਉਹ ਇਨਕਲਾਬ ਲਈ ਇੰਨਾ ਫ਼ਿਕਰਮੰਦ ਹੋਏ ਤੇ ਉਨ੍ਹਾਂ ਦੀ ਸਿਹਤ ’ਤੇ ਇੰਨਾ ਅਸਰ ਪਿਆ (ਬੁਰਾ ਨਹੀਂ ਚੰਗਾ) ਕਿ ਬਰਲਿਨ ਦੇ ਹਸਪਤਾਲ ਵਿਚ ਲੱਗੀ ਹੋਈ ਐਕਸਰੇ ਮਸ਼ੀਨ ਵੀ ਉਨ੍ਹਾਂ ਦੀ ਘੰਡੀ ਨਾ ਲੱਭ ਸਕੀ। ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਦੇ ਪੁੱਤਰ ਤੇ ਰਿਸ਼ਤੇਦਾਰ ਉਨ੍ਹਾਂ ਦੀ ਸਿਹਤ ਦੇ, ਆਪਣੇ ਹੀ ਦੇਸ਼ ਵਿਚ ਹੋਏ ਇਸ ਹਾਲ ’ਤੇ ਸ਼ਰਮਸਾਰ ਹਨ ਕਿਉਂ ਕਿ ਫੰਡ ਇਕੱਠਾ ਕਰਨ ਗਏ ਇਸ ਸੰਪਾਦਕ ਨੇ ਉਨ੍ਹਾਂ (ਪੁੱਤਰਾਂ) ਨੂੰ ਕਈ ਵਰ੍ਹੇ ਪਹਿਲਾਂ ਹੀ ਵਿਦੇਸ਼ ਮੰਗਵਾ ਲਿਆ ਸੀ, ਪਰ ਇਨ੍ਹਾਂ ਵਰ੍ਹਿਆਂ ਵਿਚ ਉਹ ਆਪਣੇ ਪਿਉ ਯਾਨੀ ਇਸ ਸੰਪਾਦਕ ਦੀ ਸਿਹਤ ਦੀ ਰੀਸ ਕਰਨੋਂ ਅਸਮਰੱਥ ਰਹੇ ਜਾਪਦੇ ਸਨ। ਭਾਵੇਂ ਇਹ ਸੰਪਾਦਕ ਤੇ ਇਸ ਦੀ ਪਾਰਟੀ, ਭ੍ਰਿਸ਼ਟਾਚਾਰ ਜਿਹੀ ਬੁਰੀ ਰੀਤ ਨੂੰ ਕਿੱਲ੍ਹ-ਕਿੱਲ੍ਹ ਕੇ ਭੰਡਦੇ ਰਹੇ ਹਨ, ਪਰ ਇਸ ਸੰਪਾਦਕ ਦੇ ਅਖ਼ਬਾਰ ਦੇ ਸੰਪਾਦਕੀ ਅਮਲੇ ਦਾ ਕੋਈ ਮੈਂਬਰ, ਸਿਫ਼ਾਰਸ਼ ਤੋਂ ਬਗ਼ੈਰ ਨਹੀਂ ਰੱਖਿਆ ਗਿਆ (ਹਾਂ, ਸਿਫ਼ਾਰਸ਼ਾਂ ਭਾਵੇਂ ਪਾਰਟੀ ਵਾਲਿਆਂ ਦੀਆਂ ਹੀ ਹੋਣ)। ਕਿਸੇ ਨੂੰ ਸੰਪਾਦਕੀ ਅਮਲੇ ਵਿਚ ਭਰਤੀ ਕਰਨ ਵੇਲ਼ੇ ਇਹ ਵਿਸ਼ੇਸ਼ ਹਦਾਇਤ ਕਰਦੇ ਹਨ, ‘ਦੇਖ ਲਿਓ ਕਿਤੇ ਮੁੰਡਾ ਮੁਹਰਿਓਂ ਉਭਾਸਰਨ ਵਾਲਾ ਨਾ ਹੋਵੇ, ਸਿਧਾਂਤ ਛਾਂਟਣ ਵਾਲਾ ਨਾ ਹੋਵੇ’। ਇਨ੍ਹਾਂ ਮੁਢਲੀਆਂ ਸ਼ਰਤਾਂ ਨਾਲ ਕਿਸੇ ਪਾਰਟੀ ਆਗੂ ਦੀ ਸਿਫ਼ਾਰਸ਼ ਹੋਵੇ ਤਾਂ ਗੱਲ ਬਣੀ ਸਮਝੋ। ਇਸੇ ਕਰ ਕੇ ਇਸ ਸੰਪਾਦਕ ਦੇ ਅਖ਼ਬਾਰ ਵਿਚ ਕਈ ‘ਅਨਪੜ੍ਹ’ ਤੇ ‘ਅੰਨਪਾੜ’ ਵਿਅਕਤੀ, ਉੱਚੀਆਂ ਕੁਰਸੀਆਂ ’ਤੇ ਬਿਰਾਜਮਾਨ ਹਨ।
ਇਕ ਹੋਰ ਪੰਜਾਬੀ ਅਖ਼ਬਾਰ, ਜੋ ਸਭ ਤੋਂ ਬਾਅਦ ਵਿਚ ਨਿੱਕਲਣਾ ਸ਼ੁਰੂ ਹੋਇਆ ਹੈ, ਨੂੰ ਦੁਕਾਨਦਾਰੀ ਦੀ ਘਟੀਆਤਮ ਕਿਸਮ ਕਹਿ ਲਿਆ ਜਾਵੇ ਤਾਂ ਵੀ ਠੀਕ ਹੀ ਰਹੇਗਾ। ਉਸ ਦੇ ਮੁੱਖ ਸੰਪਾਦਕ ਸਾਹਿਬ ਦਾ ਕੰਮ ਹੈ ਕਿ ਕਿਸੇ ਸਨਅਤਕਾਰ ਦੀ ਫਰਮ ਆਦਿ ਦਾ ਇਸ਼ਤਿਹਾਰ, ਬਿਨਾਂ ਪੁੱਛੇ ਅਖ਼ਬਾਰ ਵਿਚ ਜੜ ਦੇਣਾ ਅਤੇ ਬਾਅਦ ਵਿਚ ਫੋਨ ਕਰ ਦੇਣਾ, “ਜੀ ਇਸ਼ਤਿਹਾਰ ਦਾ ਬਿੱਲ ਏਨਾ ਬਣ ਗਿਆ।” ਹਾਲਾਂ ਕਿ ਪੈਸੇ-ਟਕੇ ਦਾ ਮਾਮਲਾ ਸੰਪਾਦਕ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਪਰ ਇਹ ਅਖ਼ਬਾਰ ਰਾਜ ਕਰ ਰਹੀ ਸਿਆਸੀ ਪਾਰਟੀ ਦਾ ਹੋਣ ਕਰ ਕੇ, ਉਸ ਬਾਰੇ ਪਤਾ ਨਹੀਂ ਹੈ ਕਿ ਉਸ ਨੇ ਦੋ ਦਿਨ ਰਹਿਣਾ ਹੈ ਕਿ ਚਾਰ ਦਿਨ, ਜਿਸ ਲਈ ਸੰਪਾਦਕ ਸਾਹਿਬ ਵੀ ਵਗਦੀ ਗੰਗਾ ਵਿਚ ਪਿੱਠ ਧੋਣ ਤੋਂ ਪਿੱਛੇ ਨਹੀਂ ਰਹੇ। ਇਸ ਅਖ਼ਬਾਰ ਬਾਰੇ ਚਰਚਾ ਚੱਲ ਰਹੀ ਹੈ ਕਿ ਇਸ਼ਤਿਹਾਰਾਂ ਦੀ ਆਮਦਨੀ ਤੋਂ ਆਏ ਧਨ ਵਿਚ ਹੁਣ ਤਕ ਲੱਖਾਂ ਰੁਪਏ ਦਾ ਘਪਲਾ ਹੋ ਗਿਆ ਹੈ, ਜਿਸ ਵਿਚ ਸੰਪਾਦਕ ਦਾ ਵੀ ਹੱਥ ਹੈ।
ਅਖ਼ੀਰ ਵਿਚ ਉਸ ਮੁੱਖ ਸੰਪਾਦਕ ਦੀ ਗੱਲ, ਜੋ ਇਕੋ ਸਮੇਂ ਤਿੰਨ ਅਖ਼ਬਾਰਾਂ ਦਾ ਸੰਪਾਦਕ ਹੈ। ਪਤਾ ਨਹੀਂ ਸੱਚ, ਪਤਾ ਨਹੀਂ ਝੂਠ, ਉਸ ਸੰਪਾਦਕ ਉੱਤੇ ਪਿੱਛੇ ਜਿਹੇ ਸੀ. ਆਈ. ਏ. ਦਾ ਏਜੰਟ ਹੋਣ ਦਾ ਦੋਸ਼ ਲੱਗਿਆ ਸੀ। ਕਿਸੇ ’ਤੇ ਸੀ. ਆਈ. ਏ. ਦਾ ਏਜੰਟ ਹੋਣ ਦਾ ਦੋਸ਼ ਲੱਗ ਜਾਵੇ, ਉਸ ਦੇ ਹੋਰ ਔਗੁਣਾਂ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ।
ਉਂਝ ਪੰਜਾਬੀ ਵਿਚ ਨਿੱਕੀਆਂ-ਮੋਟੀਆਂ ਅਖ਼ਬਾਰਾਂ ਤਾ ਹੋਰ ਵੀ ਬਥੇਰੀਆਂ ਨਿੱਕਲਦੀਆਂ ਹਨ, ਪਰ ਅਸੀਂ ਤਾਂ ਮੁੱਖ ਪੰਜਾਬੀ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਬਾਰੇ ਹੀ ਗੱਲ ਕਰਨੀ ਸੀ ਤੇ ਉਹ ਕਰ ਦਿੱਤੀ ਹੈ। ਦੁੱਕੀ-ਤਿੱਕੀ ਅਖ਼ਬਾਰਾਂ ਤਾਂ ਆਏ ਮਹੀਨੇ ਨਿੱਕਲਦੀਆਂ/ ਬੰਦ ਹੁੰਦੀਆਂ ਰਹਿੰਦੀਆਂ ਹਨ, ਸੋ ‘ਠਿੱਬੀ’ ਨੂੰ ਕੀ ਵਖ਼ਤ ਪਿਐ ਕਿ ਹਰ ਜਣੇ-ਖਣੇ ਦੀ ਮਸ਼ਹੂਰੀ ਕਰੇ।

 

No comments:

Post a Comment

ਪਿੱਛਾ ਕਰਨ ਵਾਲ਼ੇ