ਭਾਵੇਂ ਇਹ ਲੇਖ, 1979 ਦਾ ਲਿਖਿਆ ਹੋਇਆ ਹੈ, ਪਰ ਇਸ ਵਿਚੋਂ ਪੁਰਾਣੀ ਤਕਨਾਲੋਜੀ ਤੇ ਪੁਰਾਣੇ ਸਾਧਨ ਮਨਫ਼ੀ ਕਰ ਦਿੱਤੇ ਜਾਣ ਤਾਂ ਵੀ ਇਸ ਵਿਚ ਪੱਤਰ-ਪ੍ਰੇਰਕਾਂ ਬਾਰੇ ਬਹੁਤ ਸਾਰੀਆਂ ਠੋਸ ਹਕੀਕਤਾਂ ਉਹੀ ਹਨ, ਜੋ ਹੁਣ ਪਹਿਲਾਂ ਨਾਲੋਂ ਵੀ ਪ੍ਰਚੰਡ ਤੇ ਵਿਰਾਟ ਰੂਪ ਵਿਚ ਦਰਸ਼ਨ ਦੇ ਰਹੀਆਂ ਹਨ।
ਪਿੰਡਾਂ ਵਿਚ ਪਟਵਾਰੀ ਤੇ ਥਾਣੇਦਾਰ, ਸ਼ਹਿਰਾਂ ਤੇ ਨਿੱਕੇ ਕਸਬਿਆਂ ਵਿਚ ਛੋਟੇ ਦੁਕਾਨਦਾਰਾਂ ਲਈ ਸੈਂਪਲ ਭਰਨ ਵਾਲ਼ੇ ਅਤੇ ਵੱਡੇ ਦੁਕਾਨਦਾਰਾਂ ਲਈ ਟੈਕਸ ਅਫਸਰ ਅਤੇ ਮੁਲਾਜ਼ਮਾਂ ਲਈ ਅਫਸਰ ਵੱਲੋਂ ਮਾੜੀ ਰਿਪੋਰਟ ਲਿਖ ਿਜਾਣੀ ਅਜਿਹੇ ਹਊਏ ਹਨ, ਜੋ ਕਿਸੇ ਨਾ ਕਿਸੇ ਸ਼ਕਲ ਵਿਚ ਸੰਸਾ ਲਾਈ ਹੀ ਰੱਖਦੇ ਹਨ। ਪਰ ਅੱਜ ਦੇ ਯੁੱਗ ਵਿਚ ਇਕ ਅਜਿਹਾ ਹਊਆ ਵੀ ਹੈ, ਜਿਸ ਅੱਗੇ ਇਹ ਸਾਰੇ ਹਊਏ ਊਣੇ ਹਨ, ਹੀਣੇ ਹਨ। ਇਹ ਹਊਆ ਸਾਰੇ ਤਬਕਿਆਂ ਲਈ ਇਕੋ ਜਿੰਨੇ ਸੰਸੇ ਦਾ ਵਿਸ਼ਾ ਹੈ। ਇਹ ਹਊਆ ਹਨ, ਅਖ਼ਬਾਰਾਂ ਦੇ ਪੱਤਰ-ਪ੍ਰੇਰਕ ਜਾਂ ਜਿਨ੍ਹਾਂ ਨੂੰ ਅਖ਼ਬਾਰੀ ਬੋਲੀ ਵਿਚ ‘ਫੀਲਡ ਜਰਨਲਿਸਟਸ’ ਕਿਹਾ ਜਾਂਦਾ ਹੈ। ਇਹ (ਹਊਆ) ਇਕ ਅਜਿਹੇ ਨਾਮੁਰਾਦ ਅਤੇ ਮਨਹੂਸ ਤਬਕੇ ਦਾ ਰੂਪ ਧਾਰਨ ਕਰ ਗਿਆ ਹੈ ਕਿ ਇਸ ਦੇ ਕੋਲੋਂ ਲੰਘਦੇ ਤਕਰੀਬਨ ਹਰ ਬੰਦੇ ਨੂੰ ਜਾਂ ਤਾਂ ਇਸ ਨੂੰ ਸਲਾਮ ਕਰ ਕੇ ਲੰਘਣਾ ਪੈਂਦਾ ਹੈ ਜਾਂ ਪਾਸਾ ਵੱਟ ਕੇ। ਪਰ ਇਸ ਦੇ ਇਹ ਅਰਥ ਬਿਲਕੁਲ ਨਹੀਂ ਕਿ ਪੱਤਰਕਾਰ ਭਾਈਚਾਰੇ ਦੇ ਸਨਮਾਨ ਸਦਕਾ ਇਨ੍ਹਾਂ ਨੂੰ ਸਲਾਮਾਂ ਵੱਜਦੀਆਂ ਹਨ। ਇਹ ਤਾਂ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਇਕ ਪੇਂਡੂ ਬੰਦੇ ਨੂੰ, ਕਿਸੇ ਥਾਣੇਦਾਰ ਨੂੰ ਸਲਾਮ ਕਰਨਾ ਪੈਂਦਾ ਹੈ ਅਤੇ ਪਟਵਾਰੀ ਦੇ ਘਰ ਹਾੜ੍ਹ, ਸਿਆਲ਼ ਦਾਣੇ ਜਾਂ ਪੱਠੇ ਸੁੱਟ ਕੇ ਆਉਣੇ ਪੈਂਦੇ ਹਨ।
ਗੱਲ ਅੱਗੇ ਤੋਰਨ ਤੋਂ ਪਹਿਲਾਂ, ਆਪਾਂ ਇਨ੍ਹਾਂ ਦੇ ਆਮ ਸੁਭਾਅ ਤੇ ਲਿਆਕਤ ਦੀ ਗੱਲ ਕਰ ਲਈਏ ਤਾਂ ਵਾਟ ਨਿਬੇੜਨੀ ਸੌਖੀ ਹੋ ਜਾਵੇਗੀ। ਪੱਤਰਕਾਰ ਕੌਣ ਬਣ ਸਕਦਾ ਹੈ? ਉਸ ਦੀ ਲਿਆਕਤ ਕੀ ਹੋਣੀ ਚਾਹੀਦੀ ਹੈ? ਇਸ ਸਬੰਧ ਵਿਚ ਇਕ ਆਮ ਜਿਹਾ ਨਿਯਮ ਹੈ ਕਿ ਪੱਤਰਕਾਰ ਬਣਨ ਲਈ ਕਿਸੇ ਆਦਮੀ ਨੂੰ ਹੋਰ ਚਾਹੇ ਕੁੱਝ ਨਾ ਆਉਂਦਾ ਹੋਵੇ, ਬੱਸ ਉਸ ਨੂੰ ਪੜ੍ਹਨਾ ਤੇ ਲਿਖਣਾ ਲਾਜ਼ਮੀ ਆਉਣਾ ਚਾਹੀਦਾ ਹੈ। ਇਸੇ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ‘ਫੀਲਡ ਜਰਨਲਿਕਸਟਾਂ’ ਦੀ ਔਸਤਨ ਲਿਆਕਤ ਕੀ ਹੋ ਸਕਦੀ ਹੈ।
ਆਓ, ਹੁਣ ਬਹੁਗਿਣਤੀ ਫੀਲਡ ਜਰਨਲਿਸਟਾਂ ਦੀਆਂ ਹਰਕਤਾਂ (ਕਰਤੂਤਾਂ), ਨਿੱਤਨੇਮਾਂ, ਉੱਠਣੀ-ਬੈਠਣੀ, ਆਮਦਨ ਦੇ ਸੋਮਿਆਂ ਆਦਿ ਬਾਰੇ ਜ਼ਿਕਰ ਕਰਦਿਆਂ ਗੱਲ ਅੱਗੇ ਤੋਰੀਏ ਤੇ ਜਾਣੂ ਹੋਈਏ ਕਿ ਜਮਹੂਰੀਅਤ ਦਾ ਚੌਥਾ ਥੰਮ ਕਹੇ ਜਾਣ ਵਾਲ਼ੇ ਅੰਗ ਦੇ ਇਹ ਪਾਲਣਹਾਰ ਕਿਸ ਹੱਦ ਤਕ ਨੀਚਤਾਈ ਅਤੇ ਢੀਠਤਾਈ ਦੇ ਮਾਲਕ ਹੋ ਸਕਦੇ ਹਨ।
ਇਨ੍ਹਾਂ ਸੱਜਣਾਂ ਦਾ ਪਹਿਲਾ ਨਿਯਮ ਹੈ ਟਿਕ ਕੇ ਨਾ ਬੈਠਣਾ। ਇਸ ਲਈ ਨਹੀਂ ਕਿ ਇਨ੍ਹਾਂ ਨੂੰ ਕਿਸੇ ਖ਼ਬਰ ਆਦਿ ਦੇ ਅਣਛਪੀ ਰਹਿ ਜਾਣ ਦਾ ਫ਼ਿਕਰ ਹੁੰਦਾ ਹੈ, ਸਗੋਂ ਇਸ ਲਈ ਕਿ ਇਨ੍ਹਾਂ ਨੂੰ ਦਿਨ ਚੜ੍ਹਨ ਦੇ ਨਾਲ ਹੀ ਮੁਰਗ਼ੀ ਫਸਾਉਣ ਦਾ ਫ਼ਿਕਰ ਲੱਗ ਜਾਂਦਾ ਹੈ। ਉਸ ਤੋਂ ਬਾਅਦ ਸਾਰਾ ਦਿਨ, ਮੁਰਗ਼ੇ ਝਟਕਾਉਣ ਜਾਂ ਮੁਰਗ਼ੇ ਹੰਢਾਉਣ ਵਿਚ ਲੰਘਦਾ ਹੈ।
ਮੁਰਗ਼ੇ ਕਿਵੇਂ ਫਸਾਈਦੇ ਹਨ? ਇਨ੍ਹਾਂ ਵਿਚੋਂ ਸਭ ਤੋਂ ਵੱਧ ਗਿਣਤੀ ਵਿਚ ਵਰਤਿਆ ਜਾਣ ਵਾਲ਼ਾ ਤਰੀਕਾ, ਖ਼ਬਰ ਛਪਾਉਣ ਦੇ ਨਜਾਇਜ਼ ਖ਼ਰਚੇ ਵਸੂਲਣਾ ਹੈ। ਬਹੁਤਿਆਂ ਪੱਤਰਕਾਰਾਂ ਕੋਲ ਖ਼ਬਰ ਭੇਜਣ ਲਈ ਅਖ਼ਬਾਰ ਨੂੰ ‘ਬੀ. ਜੀ. ਕਿਊ. ਕਲਾਸ’ ਦੀ ਤਾਰ ਦੇਣ ਦਾ ਅਧਿਕਾਰ ਹੁੰਦਾ ਹੈ, ਜਿਸ ਦਾ ਖ਼ਰਚਾ ਦੋ ਪੈਸੇ ਫੀ ਲਫ਼ਜ਼ ਦੇ ਹਿਸਾਬ ਨਾਲ ਅਖ਼ਬਾਰ ਦੇ ਖਾਤੇ ਪੈਂਦਾ ਹੈ ਤੇ ਜਾਂ ਫੇਰ ‘ਕਿਉੂ ਕਲਾਸ’ ਦੀ ਤਾਰ ਦਿੰਦੇ ਹਨ (ਯਾਦ ਰਹੇ ਇਹ ਗੱਲ 1979 ਦੀ ਹੈ), ਜਿਸ ਲਈ ਵੀ ਇਕ ਲਫ਼ਜ਼ ਦਾ ਖ਼ਰਚਾ ਦੋ ਪੈਸੇ ਹੀ ਪੈਂਦਾ ਹੈ। ਇਹ ਖ਼ਰਚਾ ਵਕਤੀ ਤੌਰ ’ਤੇ ਇਨ੍ਹਾਂ ਨੂੰ ਭਰਨਾ ਪੈਂਦਾ ਹੈ, ਪਰ ਬਾਅਦ ਵਿਚ ਇਹ, ਅਖ਼ਬਾਰਾਂ ਵਾਲ਼ਿਆਂ ਤੋਂ ਵਸੂਲ ਕਰ ਲੈਂਦੇ ਹਨ। ਜਿਸ ਦੀ ਖ਼ਬਰ ਉਹ ਭੇਜ ਰਹੇ ਹੁੰਦੇ ਹਨ, ਉਸ ਤੋਂ ਉਹ ਆਮ ਤਾਰ ਖ਼ਰਚਾ (25 ਪੈਸੇ ਫੀ ਲਫ਼ਜ਼) ਵਸੂਲ ਕਰ ਲੈਂਦੇ ਹਨ ਤੇ ਕਈ ਵਾਰ ਤਾਂ ਤਾਰ ਵੀ ਨਹੀਂ ਭੇਜਦੇ, ਸਗੋਂ ਡਾਕ ਰਾਹੀਂ 25-30 ਪੈਸਿਆਂ ਦਾ ਲਿਫ਼ਾਫ਼ਾ ਭੇਜ ਕੇ ਹੀ ਬਾਕੀ ਪੈਸੇ ਹਜ਼ਮ ਕਰ ਲੈਂਦੇ ਹਨ।
ਖ਼ਬਰ ਭੇਜਣ ਦੇ ਉਹਲੇ ਵਿਚ ਪੈਸੇ ਹਜ਼ਮ ਕਰਨ ਦਾ ਇਕ ਮਾਮੂਲੀ ਵੱਡਾ ਹੋਰ ਤਰੀਕਾ ਟੈਲੀਫੋਨ ਰਾਹੀਂ ਖ਼ਬਰਾਂ ਲਗਾਉਣ ਦਾ ਹੈ। ਪੱਤਰਕਾਰਾਂ ਦੇ, ਅਕਸਰ ਹੀ ਪਬਲਿਕ ਰਿਲੇਸ਼ਨ ਅਫਸਰਾਂ ਨਾਲ ਜਾਂ ਛੋਟੇ ਸ਼ਹਿਰਾਂ ਦੇ ਥਾਣਿਆਂ ਨਾਲ ਚੰਗੇ ਸਬੰਧ ਹੁੰਦੇ ਹਨ ਕਿਉਂ ਕਿ ਇਨ੍ਹਾਂ ਮਹਿਕਮਿਆਂ ਨੂੰ ਪੱਤਰਕਾਰਾਂ ਰਾਹੀਂ ਆਪਣੇ ਹੱਕ ਦੀਆਂ ਜਾਂ ਹੋਰ ਖ਼ਬਰਾਂ ਛਪਾ ਕੇ ਸਰਕਾਰੇ-ਦਰਬਾਰੇ ਵਾਹ-ਵਾਹ ਖੱਟਣ ਦੀ ਗਰਜ਼ ਹੁੰਦੀ ਹੈ।ਇਸ ਤਰ੍ਹਾਂ ਖ਼ਬਰ ਤਾਂ ਪਬਲਿਕ ਰਿਲੇਸ਼ਨ ਅਫਸਰ ਦੇ ਦਫ਼ਤਰੋਂ ਜਾਂ ਥਾਣਿਓਂ ਫੋਨ ਕਰ ਕੇ ਲਿਖਾ ਦਿੱਤੀ ਜਾਂਦੀ ਹੈ ਤੇ ਫੋਨ ਕਰਨ ਦਾ ਖ਼ਰਚਾ, ਖ਼ਬਰ ਛਪਾਉਣ ਦੇ ਚਾਹਵਾਨ ਤੋਂ ਲੈ ਲਿਆ ਜਾਂਦਾ ਹੈ।
ਖ਼ਬਰ ਭੇਜਣ ਵਿਚ ਹੀ ਖੀਸੇ ਕੁਤਰਨ ਦਾ ਇਕ ਹੋਰ ਤਰੀਕਾ ਇਹ ਹੈ ਕਿ ਆਮ ਆਦਮੀ ਤੋਂ ਖ਼ਬਰ ਛਪਾਉਣ ਦਾ ਖ਼ਰਚਾ, ਇਸ਼ਤਿਹਾਰ ਛਪਾਉਣ ਦੇ ਖ਼ਰਚੇ ਦੇ ਬਰਾਬਰ ਲੈ ਲਿਆ ਜਾਂਦਾ ਹੈ ਤੇ ਖ਼ਬਰ ਛਪਾਉਣ ਦੇ ਚਾਹਵਾਨ ਨੂੰ ਕਿਹਾ ਜਾਂਦਾ ਹੈ ਕਿ ਖ਼ਬਰ ਛਾਪਣ ਦਾ ਖ਼ਰਚਾ ਇੰਨੇ ਰੁਪਏ ਪ੍ਰਤੀ ਸੈਂਟੀਮੀਟਰ ਕਾਲਮ ਦੇ ਹਿਸਾਬ ਨਾਲ ਲੱਗੇਗਾ। ਜਿਹੜਾ ਬੇਚਾਰਾ ਫਸਿਆ ਹੁੰਦਾ ਹੈ ਤੇ ਜਿਸ ਨੂੰ ਖ਼ਬਰ ਛਪਾਉਣ ਦੀ ਲੋੜ ਹੁੰਦੀ ਹੈ, ਅਖ਼ਬਾਰੀ ਗਿਆਨ ਤੋਂ ਸੱਖਣਾ ਹੋਣ ਕਾਰਨ, ਖ਼ਬਰ ਛਪਾਉਣ ਦੇ ਪੈਸੇ ਪ੍ਰਤੀ ਸੈਂਟੀਮੀਟਰ ਦੇ ਹਿਸਾਬ ਦਿੰਦਾ ਹੈ ਜਦੋਂ ਕਿ ਉਹੀ ਖ਼ਬਰ ਛਪਣ ਬਦਲੇ ਪੱਤਰਕਾਰ ਨੂੰ ਅਖ਼ਬਾਰ ਦੇ ਦਫਤਰੋਂ ਛਪੇ ਹੋਏ ਮੈਟਰ ਦੇ ਪੈਸੇ ਪ੍ਰਤੀ ਸੈਂਟੀਮੀਟਰ ਕਾਲਮ ਦੇ ਹਿਸਾਬ ਨਾਲ ਮਿਲਦੇ ਹਨ।
ਹੋਰ ਆਮ ਲੋਕਾਂ ਨੂੰ ‘ਬਲੈਕਮੇਲ’ ਕਰਨ ਦਾ ਇਨ੍ਹਾਂ ਸੱਜਣਾਂ ਦਾ ਇਹ ਤਰੀਕਾ ਹੈ ਕਿ ਜਿੱਥੇ ਕਿਸੇ ਦੀ ਕਮਜ਼ੋਰੀ ਫੜੀ, ਉੱਥੇ ਜਾ ਕੇ ਧਮਕੀ ਦੇ ਦੇਣੀ ਕਿ ਜਾਂ ਤਾਂ ਇੰਨੇ ਰੁਪਏ ਧਰ ਦੇ ਨਹੀਂ ਤਾਂ ਖ਼ਬਰ ਲਗਵਾ ਦੂੰਗਾ ਕਿ... ਆਦਿ। ਇਸ ਤਰ੍ਹਾਂ ਇਹ, ਢੁੱਕਵੀਂ ‘ਮੁਰਗ਼ੀ’ ਨੂੰ ਉਸ ਦੇ ਘਰੇ ਵੀ ਜਾ ਮਿਲਦੇ ਹਨ।
ਸਰਕਾਰੀ ਅਫਸਰਾਂ ਨੂੰ ਡਰਾਉਣ-ਧਮਕਾਉਣ ਦਾ, ਇਨ੍ਹਾਂ ਦਾ ਤਰੀਕਾ ਇਹ ਹੈ ਕਿ ਕਿਸੇ ਦਿਨ ਕੋਈ ਨਿੱਕੀ ਜਿਹੀ ਖ਼ਬਰ ਅਖ਼ਬਾਰ ਵਿਚ ਲਗਵਾ ਦੇਣਗੇ ਕਿ ਫਲਾਣੇ ਸ਼ਹਿਰ ਦੇ ਫਲਾਣੇ ਮਹਿਕਮੇ ਦਾ ਉੱਚ ਅਧਿਕਾਰੀ ਰੰਡੀਬਾਜ਼ੀ, ਰਿਸ਼ਵਤਖ਼ੋਰੀ ਜਾਂ ਕੋਈ ਹੋਰ ਗ਼ਲਤ ਜਾਂ ਗ਼ੈਰਕਾਨੂੰਨੀ ਕੰਮ ਕਰਦਾ ਹੈ। ਦੂਜੇ ਦਿਨ ਉਹ ਅਖ਼ਬਾਰ ਆਪ ਲੈ ਕੇ ਆਪ ਜਾਂ ਕਿਸੇ ਦਲਾਲ ਰਾਹੀਂ ਉਸ ਅਫਸਰ ਕੋਲ ਪਹੁੰਚ ਕਰਨੀ ਤੇ ਉਸ ਨੂੰ ਅਹਿਸਾਸ ਕਰਾਉਣਾ ਕਿ ਉਸ (ਪੱਤਰਕਾਰ) ਨੂੰ ਸਲੂਟ ਮਾਰੇ ਬਗ਼ੈਰ ਗੁਜ਼ਾਰਾ ਨਹੀਂ ਹੋਣਾ। ਜੇ ਉਹ ਅਫਸਰ ਕਿਸੇ ਪੱਖ ਤੋਂ ਊਣਾ ਹੋਇਆ ਤਾਂ ਸਮਝ ਲਓ ਪੱਤਰਕਾਰ ਸਾਹਿਬ ਦਾ ਤੀਰ ਟਿਕਾਣੇ ਲੱਗ ਗਿਆ ਹੈ।
ਇਹ ਪੱਤਰਕਾਰ, ਅਫਸਰਾਂ ਨੂੰ ਦੋ ਤਰ੍ਹਾਂ ਆਪਣੇ ਹੱਥਾਂ ਵਿਚ ਰੱਖਦੇ ਹਨ। ਇਕ, ਉਨ੍ਹਾਂ ਨੂੰ ਡਰਾ-ਧਮਕਾ ਕੇ ਦੂਜਾ, ਉਨ੍ਹਾਂ ਦੀ ਚਾਪਲੂਸੀ ਕਰ ਕੇ। ਇਸ ਸਬੰਧ ਵਿਚ ਉਹ ਦੂਜੇ-ਤੀਜੇ ਦਿਨ ਉਸ ਅਫਸਰ ਦਾ ਨਾਂ ਕਿਸੇ ਨਾ ਕਿਸੇ ਖ਼ਬਰ ਵਿਚ ਛਪਾਈ ਰੱਖਦੇ ਹਨ ਤੇ ਉਹ ਅਫਸਰ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ। ਇਸ ਤਰ੍ਹਾਂ ਕਾਬੂ ਆਏ ਅਫਸਰਾਂ ਤੋਂ ਟੇਢੀ ਉਂਗਲ ਨਾਲ ਮੁਨਾਫਾ ਲੈਣ ਦਾ ਇਕ ਢੰਗ ਇਹ ਵੀ ਹੈ ਕਿ ਆਮ ਲੋਕਾਂ ਦੇ ਕੰਮ ਇਨ੍ਹਾਂ ਅਫਸਰਾਂ ਤੋਂ ਕਰਾ ਕੇ ਲੋਕਾਂ ਤੋਂ ਇਸ ਬਦਲੇ ‘ਫੀਸ’ ਵਸੂਲਣੀ। ਇਹ ਕੰਮ ਇਸ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿਸੇ ’ਤੇ ਕੋਈ ਜਾਇਜ਼-ਨਜਾਇਜ਼ ਕੇਸ ਪਿਆ ਹੋਇਆ ਹੋਵੇ, ਸ਼ਰਾਬ ਫੜੀ ਗਈ ਹੋਵੇ ਜਾਂ ਥਾਣੇ-ਤਹਿਸੀਲ ਤਕ ਕੋਈ ਹੋਰ ਮਾੜਾ ਮੋਟਾ ਕੰਮ ਹੋ ਸਕਦਾ ਹੈ। ਤਹਿਸੀਲ ਤੇ ਜ਼ਿਲਾ ਪੱਧਰ ਦੇ ਪੱਤਰਕਾਰਾਂ ਦੇ ਇਨ੍ਹਾਂ ਕੰਮਾਂ ਵਿਚ ਸੀਮਿੰਟ ਦੁਆਉਣਾ, ਕਿਸੇ ਦੇ ਹਥਿਆਰ ਦਾ ਲਸੰਸ ਬਣਵਾਉਣਾ, ਕਚਹਿਰੀਆਂ ਵਿਚ ਹੋਰ ਨਿੱਕੇ-ਮੋਟੇ ਕੰਮ ਕਰਾ ਦੇਣੇ, ਕਿਸੇ ਨਿੱਕੇ-ਮੋਟੇ ਦਫਤਰ ਵਿਚ ਕਿਸੇ ਦਾ ਧੀ-ਪੁੱਤ ਨੌਕਰੀ ’ਤੇ ਲਗਵਾ ਦੇਣਾ।
ਜਿੱਥੋਂ ਤਕ ਇਨ੍ਹਾਂ ਪੱਤਰਕਾਰਾਂ ਦੇ ਖਾਣ-ਪੀਣ ਦਾ ਸੁਆਲ ਹੈ, ਉੱਥੇ ਛੋਟੇ ਕਸਬਿਆਂ ਦੇ ਪੱਤਰਕਾਰਾਂ ਨੂੰ ਇਸ ਦੋਸ਼ ਤੋਂ ਮੁਕਤੀ ਮਿਲ ਜਾਂਦੀ ਹੈ, ਪਰ ਤਹਿਸੀਲ ਤੇ ਜ਼ਿਲਾ ਪੱਧਰ ਦੇ ਪੱਤਰਕਾਰਾਂ ਦੀ ਤਾਂ ਮਾਂ ਹੀ ਮਰ ਜਾਏ, ਜੇ ਉਹ ਘਰੋਂ ਬਾਹਰ ਮੁੱਲ ਦੀ ਚਾਹ ਪੀ ਲੈਣ ਜਾਂ ਰੋਟੀ ਖਾ ਲੈਣ। ਸ਼ਹਿਰ ਦੇ ਚੰਗੇ ਹੋਟਲਾਂ, ਰੈਸਟੋਰੈਂਟਾਂ ਤੋਂ ਹੇਠਾਂ ਤਾਂ ਉਨ੍ਹਾਂ ਦੇ ਚਿੱਤੜ ਨਹੀਂ ਟਿਕਦੇ। ਅੱਵਲ ਤਾਂ ਇਨ੍ਹਾਂ ਦਾ ਹੋਟਲ-ਰੈਸਟੋਰੈਂਟ ਵਾਲੇ ’ਤੇ ਦਬਕਾ ਹੀ ਹੁੰਦਾ ਹੈ, ਨਹੀਂ ਤਾਂ ਫੇਰ ਆਈ-ਚਲਾਈ ਤਾਂ ਫਸਾ ਹੀ ਲੈਣੀ ਹੋਈ ਨਾ। ਪੱਤਰਕਾਰਾਂ ਦੀ ਬਹੁਗਿਣਤੀ ਸ਼ਰਾਬ ਪੀਣ ਦੀ ਆਦੀ ਹੈ ਤੇ ਉਹ ਵੀ ਹਰਾਮ ਦੀ ਸ਼ਰਾਬ ਪੀਣ ਦੀ।
ਟੈਲੀਫੋਨ ਕਰਨਾ ਹੋਵੇ ਜਾਂ ਕਿਤੇ ਆਉਣਾ-ਜਾਣਾ ਹੋਵੇ ਤਾਂ ਇਹ ਪਬਲਿਕ ਰਿਲੇਸ਼ਨ ਦਫਤਰਾਂ ਦੀਆਂ ਗੱਡੀਆਂ ਅਤੇ ਥਾਣਿਆਂ ਦੇ ਫੋਨ ਵਰਤਦੇ ਹਨ। ਤਾਰ ਕਰਨ ਲਈ ਤਾਰ ਘਰੋਂ ਮਿਲਦੇ ਫਾਰਮਾਂ ਨੂੰ ਪੁੱਠੇ ਕਰ ਕੇ, ਇਹ ਪੱਤਰਕਾਰ, ਕੋਰੇ ਕਾਗ਼ਜ਼ਾਂ ਵਜੋਂ ਵਰਤਦੇ ਹਨ।
ਇਨ੍ਹਾਂ ਪੱਤਰਕਾਰਾਂ ਦੇ ਕੰਮ-ਕਾਰ ਦਾ ਸਭ ਤੋਂ ਜ਼ਲੀਲ, ਕਮੀਨਾ ਤੇ ਕਲਮੂੰਹਾਂ ਪੱਖ ਇਹ ਹੈ ਕਿ ਇਨ੍ਹਾਂ ਵਿਚੋਂ 60 ਫੀ ਸਦੀ ਪੱਤਰਕਾਰ ਸੀ. ਆਈ. ਡੀ. ਜਾਂ ਪੁਲਸ ਦੇ ਟਾਊਟ ਹੁੰਦੇ ਹਨ। ਇਸ ਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਕੋਈ ਸੂਚਨਾ ਸਭ ਤੋਂ ਪਹਿਲਾਂ ਪੱਤਰਕਾਰਾਂ ਨੂੰ ਹੀ ਮਿਲਦੀ ਹੈ ਤੇ ਉਹ ਉਸ ਸੂਚਨਾ ਬਾਰੇ ਖ਼ਬਰ ਛਾਪਣ ਤੋਂ ਪਹਿਲਾਂ ਉਸ ਦੀ ਵੇਚ-ਵੱਟ ਕਰਨੀ ਹੀ ਠੀਕ ਸਮਝਦੇ ਹਨ।
ਇਸ ਤਰ੍ਹਾਂ ਸਮੁੱਚਾ ਲੇਖਾ-ਜੋਖਾ ਕਰਨ ’ਤੇ ਇਸ ਭਾਈਚਾਰੇ ਬਾਰੇ ਪਤਾ ਲੱਗਦਾ ਹੈ ਕਿ ਇਹ ਲੋਕ, ਕਿਸੇ ਦੀ ਜੇਬ ਵਿਚੋਂ ਚੁਆਨੀ ਕੱਢਣ ਤੋਂ ਲੈ ਕੇ ਪੁਲਸ ਦੇ ਟਾਊਟ ਬਣਨ ਤਕ ਜਾ ਸਕਦੇ ਹਨ। ਇਹ ਕਿੰਨੇ ਕੁ ਆਦਰ-ਮਾਣ ਦੇ ਲਾਇਕ ਹਨ, ਇਸ ਬਾਰੇ ਕੋਈ ਫੈਸਲਾ ਸਾਨੂੰ ਦੇਣ ਦੀ ਲੋੜ ਨਹੀਂ। ਇਸ ਦਾ ਨਿਰਣਾ ਪਾਠਕ ਆਪ ਕਰਨ ਦੀ ਖੇਚਲ ਕਰਨ।
*